ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਿੱਖਿਆ ਬੋਰਡ ਦੇ ਕੰਮਕਾਜ ਨੂੰ ਹੋਰ ਵੀ ਚੁਸਤ-ਦਰੁਸਤ ਬਣਾਉਣ ਲਈ ਕੁਝ ਯੋਗ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਸਿੱਖਿਆ ਬੋਰਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਲੱਗਿਆ ਕਰੇਗੀ। ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਵਿਖੇ ਡਿਊਟੀ ’ਤੇ ਹਾਜ਼ਰ ਹੋਣ ਵਾਲੇ ਕਰਮਚਾਰੀ ਸਵੇਰੇ ਤੇ ਸ਼ਾਮ ਵੇਲੇ ਬਾਇਓਮੈਟ੍ਰਿਕ ਮਸ਼ੀਨ ’ਤੇ ਉਂਗਲ ਲਾ ਕੇ ਆਪਣੀ ਹਾਜ਼ਰੀ ਲਾਉਣਗੇ। ਇਸ ਦੇ ਨਾਲ ਹੀ ਸਿੱਖਿਆ ਬੋਰਡ ਦੇ ਚੇਅਰਮੈਨ ਵਲੋਂ ਇਹ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਸਿੱਖਿਆ ਬੋਰਡ ਵਿਚ ਥਾਂ-ਥਾਂ ’ਤੇ ਕੈਮਰੇ ਲਾਏ ਜਾਣਗੇ ਤਾਂ ਜੋ ਕਰਮਚਾਰੀਆਂ ਦੀ ਆਵਾਜਾਈ ’ਤੇ ਧਿਆਨ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਸਿੱਖਿਆ ਬੋਰਡ ਦੇ ਕਰਮਚਾਰੀਆਂ ਨੂੰ ਛੁੱਟੀ ਤੋਂ ਬਾਅਦ ਲੈ ਕੇ ਜਾਣ ਵਾਲੀਆਂ ਬੱਸਾਂ ਦਫਤਰ ਤੋਂ ਸਾਢੇ 5 ਵਜੇ ਰਵਾਨਾ ਹੋਇਆ ਕਰਨਗੀਆਂ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ ਦੂਰ-ਦਰਾਜ ਦੇ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਮਚਾਰੀ ਪੰਜ ਵਜੇ ਤਕ ਸੀਟਾਂ ’ਤੇ ਮਿਲ ਸਕਣ। ਪਤਾ ਲੱਗਾ ਹੈ ਕਿ ਕ੍ਰਿਸ਼ਨ ਕੁਮਾਰ ਨੂੰ ਇਹ ਸ਼ਿਕਾਇਤਾਂ ਮਿਲੀਆਂ ਸਨ ਕਿ ਕੁੱਝ ਕਰਮਚਾਰੀ ਸਵਾ 4 ਵਜੇ ਤੋਂ ਬਾਅਦ ਬੱਸਾਂ ਵਿਚ ਆ ਕੇ ਬੈਠ ਜਾਂਦੇ ਹਨ ਅਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕਰਮਚਾਰੀਆਂ ਦੀ ਭਾਲ ਵਿਚ ਪ੍ਰੇਸ਼ਾਨ ਹੋਏ ਰਹਿੰਦੇ ਸਨ।
ਬਿਜਲੀ ਸਮਝੌਤਾ ਰੱਦ ਕਰਨ ਲਈ ਸਪੀਕਰ ਨੂੰ ਮਿਲਿਆ 'ਆਪ' ਵਫਦ
NEXT STORY