ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਨਵੇਂ ਬਣੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਆਪਣੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਸੂਬੇ ਦੇ ਭਵਿੱਖ ਤੇ ਨੌਜਵਾਨੀ ਨਾਲ ਜੁੜੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਖੇਤਰ ’ਚ ਬੁਲੰਦੀਆਂ ਉੱਤੇ ਲਿਜਾਣਾ ਸਭ ਤੋਂ ਵੱਡੀ ਚੁਣੌਤੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਉਹ ਆਪਣਾ ਪੂਰਾ ਜੀਅ-ਜਾਨ ਲਾ ਦੇਣਗੇ। ਮੀਤ ਹੇਅਰ ਦੇ ਅਹੁਦਾ ਸੰਭਾਲਣ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਬੁੱਧ ਰਾਮ, ਅਮਨ ਅਰੋੜਾ, ਅੰਮ੍ਰਿਤਪਾਲ ਸਿੰਘ ਸੁੱਖਾਨੰਦ, ਲਾਭ ਸਿੰਘ ਉੱਗੋਕੇ, ਗੁਰਦਿੱਤ ਸਿੰਘ ਸੇਖੋਂ, ਕਰਮਬੀਰ ਸਿੰਘ, ਜਸਵੀਰ ਸਿੰਘ ਰਾਜਾ ਗਿੱਲ, ਮੁਹੰਮਦ ਜਮੀਲ ਉਰ ਰਹਿਮਾਨ, ਗੁਰਪ੍ਰੀਤ ਸਿੰਘ ਬਣਾਂਵਾਲੀ, ਜਗਦੀਪ ਕੰਬੋਜ ਗੋਲਡੀ, ਮਨਵਿੰਦਰ ਸਿੰਘ ਗਿਆਸਪੁਰਾ ਤੇ ਹਰਦੀਪ ਸਿੰਘ ਮੁੰਡੀਆਂ ਉਚੇਚੇ ਤੌਰ ’ਤੇ ਹਾਜ਼ਰ ਹੋਏ, ਜਿਨ੍ਹਾਂ ਨਵੇਂ ਬਣੇ ਕੈਬਨਿਟ ਮੰਤਰੀ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਚੋਹਲਾ ਸਾਹਿਬ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ’ਚ ਵਾਪਰਿਆ ਵੱਡਾ ਹਾਦਸਾ, ਲੈਂਟਰ ਡਿੱਗਣ ਨਾਲ 2 ਦੀ ਮੌਤ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਸਾਡੀ ਸਰਕਾਰ ਦਾ ਤਰਜੀਹੀ ਵਿਸ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ’ਚ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕੀਤੇ ਇਨਕਲਾਬੀ ਸੁਧਾਰਾਂ ਨੂੰ ਆਧਾਰ ਬਣਾ ਕੇ ਪੰਜਾਬ ’ਚ ਚੋਣਾਂ ਲੜੀਆਂ ਗਈਆਂ ਤੇ ਦਿੱਲੀ ਵਾਲਾ ਸਿੱਖਿਆ ਮਾਡਲ ਪੰਜਾਬ ’ਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਾਡੀ ਪਾਰਟੀ ਨੂੰ ਵੱਡਾ ਫ਼ਤਵਾ ਦੇ ਕੇ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਬਜਟ ’ਚ ਵਾਧਾ ਕੀਤਾ ਜਾਵੇਗਾ ਅਤੇ ਸੂਬੇ ’ਚ ਬਿਹਤਰ ਸਿੱਖਿਆ ਢਾਂਚਾ ਖੜ੍ਹਾ ਕੀਤਾ ਜਾਵੇਗਾ। ਨਵੇਂ ਖੇਡ ਮੰਤਰੀ ਮੀਤ ਹੇਅਰ ਵੱਲੋਂ ਖੇਡਾਂ ’ਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਦਾ ਵੀ ਤਹੱਈਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਈ ਵੇਲਾ ਸੀ, ਜਦੋਂ ਏਸ਼ੀਆਈ/ਰਾਸ਼ਟਰਮੰਡਲ ਖੇਡਾਂ ’ਚ ਭਾਰਤ ਵੱਲੋਂ ਜਿੱਤੇ ਜਾਂਦੇ ਤਮਗਿਆਂ ’ਚੋਂ ਅੱਧ ਤੋਂ ਵੱਧ ਤਮਗੇ ਪੰਜਾਬ ਦੇ ਖਿਡਾਰੀਆਂ ਦੇ ਹਿੱਸੇ ਆਉਂਦੇ ਸਨ ਪਰ ਹੌਲੀ-ਹੌਲੀ ਪੰਜਾਬ ਦਾ ਯੋਗਦਾਨ ਘਟਦਾ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਖੇਡਾਂ ਦੇ ਖੇਤਰ ’ਚ ਸਿਖਰ ਉੱਤੇ ਲਿਜਾਣ ਲਈ ਵਿਆਪਕ ਤੇ ਕਾਰਗਰ ਖੇਡ ਨੀਤੀ ਬਣਾਈ ਜਾਵੇਗੀ। ਪੰਜਾਬ ਦੀ ਨੌਜਵਾਨੀ ’ਚ ਅਥਾਹ ਸਮਰੱਥਾ ਹੈ ਅਤੇ ਸਿਰਫ ਲੋੜ ਹੈ ਕਿ ਇਸ ਨੂੰ ਸਹੀ ਲੀਹ ਉੱਤੇ ਪਾਉਣ ਤੇ ਮਾਰਗਦਰਸ਼ਨ ਕਰਨ ਦੀ। ਇਸ ਉਪਰੰਤ ਕੈਬਨਿਟ ਮੰਤਰੀ ਮੀਤ ਹੇਅਰ ਨੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਉੱਚ ਅਫ਼ਸਰਾਂ ਨਾਲ ਮੁਲਾਕਾਤ ਕਰ ਕੇ ਤਿੰਨਾਂ ਵਿਭਾਗਾਂ ਦੀ ਜਾਣ-ਪਛਾਣ ਮੀਟਿੰਗ ਕੀਤੀ। ਵਿਭਾਗ ਦੇ ਕੰਮਕਾਜ ਅਤੇ ਰੂਪ-ਰੇਖਾ ਉੱਤੇ ਵਿਚਾਰਾਂ ਕੀਤੀਆਂ। ਮੀਟਿੰਗ ’ਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ, ਸਕੱਤਰ ਸਕੂਲ ਸਿੱਖਿਆ ਤੇ ਖੇਡਾਂ ਅਜੋਏ ਸ਼ਰਮਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅਗਰਵਾਲ, ਡਾਇਰੈਕਟਰ ਖੇਡਾਂ ਪਰਮਿੰਦਰ ਪਾਲ ਸਿੰਘ, ਡੀ. ਪੀ. ਆਈ. (ਕਾਲਜਾਂ) ਉਪਕਾਰ ਸਿੰਘ ਤੇ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਹਾਜ਼ਰ ਸਨ।
ਚੋਹਲਾ ਸਾਹਿਬ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ’ਚ ਵਾਪਰਿਆ ਵੱਡਾ ਹਾਦਸਾ, ਲੈਂਟਰ ਡਿੱਗਣ ਨਾਲ 2 ਦੀ ਮੌਤ
NEXT STORY