ਚੰਡੀਗੜ੍ਹ, (ਰਮਨਜੀਤ)- ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਵਿਚਕਾਰ ਅਹਿਮ ਮੀਟਿੰਗ ਪੰਜਾਬ ਸਕੱਤਰੇਤ ਵਿਖੇ ਹੋਈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕੁਝ ਮੰਗਾਂ ਮੰਨਣ ਦੀ ਹਾਮੀ ਭਰੀ ਹੈ।
ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਨੇ ਕਿਹਾ ਕਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਅਧਿਆਪਕਾਂ ਦੀ ਪਿਛਲੇ ਕੁਝ ਸਮੇਂ ਦੌਰਾਨ ਹੋਈ ਸੇਵਾ-ਮੁਕਤੀ ਤੋਂ ਬਾਅਦ ਖਾਲ੍ਹੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਦੋ ਪੜਾਵਾਂ ’ਚ ਨਵੀਂ ਭਰਤੀ ਕੀਤੀ ਜਾਵੇਗੀ, ਪਹਿਲਾਂ ਹੀ ਕੱਢੀਆਂ ਅਸਾਮੀਆਂ ’ਚ ਵਾਧਾ ਕੀਤਾ ਜਾਵੇਗਾ, ਜਦੋਂਕਿ ਭਰਤੀ ਲਈ ਨਿਰਧਾਰਤ ਉਮਰ-ਹੱਦ 37 ਸਾਲ ਤੋਂ 42 ਸਾਲ ਕਰਨ ’ਚ ਉਨ੍ਹਾਂ ਅਸਮਰਥਤਾ ਜ਼ਾਹਿਰ ਕੀਤੀ।
ਯੂਨੀਅਨ ਦੇ ਸੂਬਾ-ਕਮੇਟੀ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਪਹੁੰਚੇ ਵਫ਼ਦ ’ਚ ਸ਼ਾਮਿਲ ਯੁਧਜੀਤ ਸਿੰਘ ਬਠਿੰਡਾ, ਅਮਨ ਸੇਖ਼ਾ ਅਤੇ ਰਣਬੀਰ ਨਦਾਮਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਮੀਟਿੰਗ ਉਪਰੰਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ’ਚ ਵਾਧਾ ਕਰਨ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ ਅਸਾਮੀਆਂ ’ਚ ਵਾਧਾ ਅਤੇ ਰਹਿੰਦੇ ਵਿਸ਼ਿਆਂ ਲਈ ਇਸ਼ਤਿਹਾਰ ਨਾ ਜਾਰੀ ਹੋਣ ਦੀ ਸੂਰਤ ’ਚ 25 ਅਕਤੂਬਰ ਨੂੰ ਪਟਿਆਲਾ ਵਿਖੇ ਮੋਤੀ-ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਸਕੂਲ ਫੀਸ ਮਾਮਲੇ ’ਚ ਹਾਈਕੋਰਟ ਨੇ ਨਿੱਜੀ ਸਕੂਲਾਂ ਦੀ ਮੁੜਵਿਚਾਰ ਪਟੀਸ਼ਨ ਠੁਕਰਾਈ
NEXT STORY