ਗੋਰਾਇਆ, (ਮੁਨੀਸ਼)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਾ ਕਲਾਰਾ ਜ਼ਿਲਾ ਸੰਗਰੂਰ ਦੇ ਵਿਦਿਆਰਥੀਆਂ ਨੂੰ ਵਿਦਿਅਕ ਟੂਰ 'ਤੇ ਕਪੂਰਥਲਾ ਲਿਜਾ ਰਹੀ ਤੇਜ਼ ਰਫਤਾਰ ਬੱਸ ਗੋਰਾਇਆ ਦੇ ਸਰਕਾਰੀ ਸਕੂਲ ਲੜਕਿਆਂ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਬ੍ਰਿਜ 'ਤੇ ਖੜ੍ਹੇ ਟਰੱਕ 'ਚ ਜਾ ਵੱਜੀ, ਜਿਸ ਨਾਲ ਇਕ ਅਧਿਆਪਕ ਦੀ ਮੌਤ ਹੋ ਗਈ ਤੇ 7 ਵਿਦਿਆਰਥੀ ਤੇ 2 ਅਧਿਆਪਕਾਵਾਂ ਵੀ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਮੁਤਾਬਕ ਸੀਨੀਅਰ ਸੈਕੰਡਰੀ ਸਕੂਲ ਤੁੰਗਾ ਕਲਾਰਾ ਜ਼ਿਲਾ ਸੰਗਰੂਰ ਦੇ 9ਵੀਂ ਤੇ 10ਵੀਂ ਦੇ 47 ਵਿਦਿਆਰਥੀ, 2 ਅਧਿਆਪਕਾਵਾਂ ਨਵਕਿਰਨ ਤੇ ਕਾਮਨਾ ਦੇਵੀ ਤੋਂ ਇਲਾਵਾ ਡਰਾਇੰਗ ਅਧਿਆਪਕ ਗੁਰਚਰਨ ਸਿੰਘ ਬੱਸ 'ਚ ਗੋਰਾਇਆ ਤੋਂ ਨਿਕਲ ਰਹੇ ਸਨ ਤਾਂ ਬੱਸ ਬ੍ਰਿਜ 'ਤੇ ਖੜ੍ਹੇ ਚੌਲਾਂ ਨਾਲ ਲੱਦੇ ਟਰੱਕ ਦੇ ਪਿੱਛੇ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀ ਸਾਈਡ ਟਰੱਕ ਦੇ ਪਿੱਛੇ ਜਾ ਵੜੀ, ਜਿਸ ਨਾਲ ਸਹਿ-ਚਾਲਕ ਸੀਟ 'ਤੇ ਬੈਠੇ ਅਧਿਆਪਕ ਗੁਰਚਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਹਾਦਸੇ ਦੇ ਕਾਰਨ ਸੜਕ 'ਤੇ ਖੜ੍ਹਾ ਟਰੱਕ, ਬੱਸ ਦੀ ਰਫਤਾਰ ਤੇ ਧੁੰਦ ਦੱੱਸੇ ਜਾ ਰਹੇ ਹਨ।
ਕਿਹੜੇ ਬੱਚੇ ਤੇ ਅਧਿਆਪਕ ਹੋਏ ਜ਼ਖ਼ਮੀ : 10ਵੀਂ ਕਲਾਸ ਦਾ ਸੁਖਜਿੰਦਰ ਸਿੰਘ, ਹੁਸਨਦੀਪ, ਕਰਮਜੀਤ ਸਿੰਘ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨੀਲਮ, ਸ਼ੀਤਲ ਕੌਰ ਸ਼ਾਮਲ ਹਨ, ਜਿਨ੍ਹਾਂ ਨੂੰ ਫਗਵਾੜਾ ਤੇ ਬੜਾ ਪਿੰਡ ਦੇ ਸਿਵਲ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ। ਇਨ੍ਹਾਂ ਤੋਂ ਇਲਾਵਾ ਅਧਿਆਪਕਾ ਨਵਕਿਰਨ ਵੀ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਬੜਾ ਪਿੰਡ ਦੇ ਸੀ. ਐੱਚ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ।
ਇਕ ਘੰਟੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ, ਲੋਕਾਂ 'ਚ ਰੋਸ : ਦਰਦਨਾਕ ਹਾਦਸੇ ਤੋਂ ਬਾਅਦ ਜਿੱਥੇ ਸਾਰਾ ਸ਼ਹਿਰ ਮੌਕੇ 'ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰ ਰਿਹਾ ਸੀ ਤੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਕੱਢ ਕੇ ਹਸਪਤਾਲਾਂ ਵਿਚ ਭੇਜ ਰਿਹਾ ਸੀ, ਉਥੇ ਗੋਰਾਇਆ ਪੁਲਸ ਦੀ ਘਟੀਆ ਤੇ ਲਾਪ੍ਰਵਾਹੀ ਵਾਲੀ ਕਾਰਗੁਜ਼ਾਰੀ ਵੇਖਣ ਨੂੰ ਮਿਲੀ। ਥਾਣੇ ਤੋਂ ਸਿਰਫ ਕੁਝ ਹੀ ਦੂਰੀ 'ਤੇ ਹੋਏ ਹਾਦਸੇ ਤੱਕ ਪਹੁੰਚਣ ਵਿਚ ਗੋਰਾਇਆ ਪੁਲਸ ਨੂੰ ਕਰੀਬ ਇਕ ਘੰਟਾ ਲੱਗ ਗਿਆ, ਜਿਸ ਕਾਰਨ ਗੋਰਾਇਆ ਪੁਲਸ ਪ੍ਰਤੀ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਧੁੰਦ ਕਾਰਨ ਟੂਰ ਦੀ ਬਦਲੀ ਗਈ ਸੀ ਤਰੀਕ : ਹਾਦਸੇ ਵਿਚ ਜ਼ਖ਼ਮੀ ਹੋਈ ਸਾਇੰਸ ਅਧਿਆਪਕਾ ਕਾਮਨਾ ਦੇਵੀ ਦਾ ਕਹਿਣਾ ਸੀ ਕਿ ਵਿਦਿਅਕ ਟੂਰ ਪਹਿਲਾਂ 6 ਜਨਵਰੀ ਨੂੰ ਲਿਜਾਇਆ ਜਾਣਾ ਸੀ ਪਰ ਧੁੰਦ ਕਾਰਨ ਇਸਦੀ ਤਰੀਕ ਬਦਲ ਕੇ 16 ਜਨਵਰੀ ਕੀਤੀ ਗਈ ਸੀ। ਮੰਗਲਵਾਰ ਸਵੇਰੇ ਉਹ 6.30 ਵਜੇ ਸਕੂਲ ਤੋਂ ਚੱਲੇ ਸਨ। 6 ਜਨਵਰੀ ਨੂੰ ਤਾਂ ਕਿਸੇ ਹੋਰ ਅਧਿਆਪਕ ਦੀ ਡਿਊਟੀ ਲਾਈ ਗਈ ਸੀ ਪਰ ਅੱਜ ਗੁਰਚਰਨ ਸਿੰਘ ਨੂੰ ਨਾਲ ਲੈ ਆਏ, ਜਿਨ੍ਹਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ।
ਟਰੱਕ ਚਾਲਕ ਖਿਲਾਫ ਮਾਮਲਾ ਦਰਜ : ਗੋਰਾਇਆ ਪੁਲਸ ਨੇ ਦੱਸਿਆ ਕਿ ਅਧਿਆਪਕਾ ਨਵਕਿਰਨ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਗੋਰਾਇਆ ਵਿਚ ਟਰੱਕ ਚਾਲਕ ਸ਼ੇਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਘਾ ਜ਼ਿਲਾ ਪਟਿਆਲਾ ਖਿਲਾਫ ਥਾਣਾ ਗੋਰਾਇਆ ਵਿਚ ਮਾਮਲਾ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਖੁੱਲ੍ਹੀ ਫਲੈਟ ਦੀ ਸੀਲ, ਬੇਘਰ ਹੋਏ ਪਰਿਵਾਰ ਨੂੰ ਮਿਲਿਆ ਆਸ਼ਿਆਨਾ
NEXT STORY