ਮਾਛੀਵਾੜਾ ਸਾਹਿਬ (ਟੱਕਰ) - ਪਿੰਡ ਜਿਓਣੇਵਾਲ ਵਿਖੇ ਇੱਕ ਬਜ਼ੁਰਗ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਜਿਓਣੇਵਾਲ ਵਾਸੀ ਕ੍ਰਿਸ਼ਨਾ ਦੇਵੀ (75) ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਚੜ ਰਿਹਾ ਸੀ ਜਿਸ ਸਬੰਧੀ ਇਲਾਜ ਵੀ ਚੱਲ ਰਿਹਾ ਸੀ। ਕ੍ਰਿਸ਼ਨਾ ਦੇਵੀ ਜਿਆਦਾ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਆਈ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਟੀਮ ਦੀ ਨਿਗਰਾਨੀ ਹੇਠ ਕ੍ਰਿਸ਼ਨਾ ਦੇਵੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੂੰਮਕਲਾਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਨਾ ਦੇਵੀ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਸਾਰੇ ਪਰਿਵਾਰਕ ਮੈਂਬਰਾਂ ਦੇ ਟੈਸਟ ਵੀ ਕੀਤੇ ਗਏ ਹਨ ਜਿਨ੍ਹਾਂ ’ਚੋਂ ਇੱਕ ਬੱਚੇ ਦੀ ਰਿਪੋਰਟ ਪੋਜ਼ੀਟਿਵ ਆਈ ਹੈ ਜਿਸ ਵਿਚ ਮਾਮੂਲੀ ਲੱਛਣ ਹਨ ਜਦਕਿ ਬਾਕੀ 7 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਫਿਰ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਹਫ਼ਤੇ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਦੇ ਕੇ ਲਗਾਤਾਰ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਪਰਿਵਾਰ ਵਲੋਂ ਪਿੰਡ ਵਾਸੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਰਿਸ਼ਤੇਦਾਰ ਜਾਂ ਪਿੰਡ ਵਾਸੀ ਉਨ੍ਹਾਂ ਦੇ ਘਰ ਇੱਕ ਹਫ਼ਤਾ ਮ੍ਰਿਤਕਾ ਦਾ ਅਫ਼ਸੋਸ ਕਰਨ ਲਈ ਨਾ ਆਵੇ। ਡਾ. ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੋਰੋਨਾ ਕਾਰਨ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸ਼ਤੈਦ ਹਨ ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੋਰੋਨਾ ਦਾ ਵੈਰੀਐਂਟ ਘਾਤਕ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਜੇਕਰ ਸ਼ੱਕੀ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਡਾਕਟਰੀ ਚੈੱਕਅਪ ਕਰਵਾਉਣ।
ਪੰਜਾਬ ਪੁਲਸ 'ਚ ਫੇਰਬਦਲ, DSP ਸਮਾਣਾ ਸਣੇ 3 PPS ਅਧਿਕਾਰੀਆਂ ਦਾ ਤਬਾਦਲਾ
NEXT STORY