ਤਲਵੰਡੀ ਸਾਬੋ,(ਮੁਨੀਸ਼) : ਦਿੱਲੀ 'ਚ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਵੀ ਚੋਣਾਂ ਲਈ ਕਮਰਕੱਸੇ ਕੱਸ ਲਏ ਲੱਗਦੇ ਹਨ। ਹਲਕੇ ਦੀ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰ ਜੋਰ ਸ਼ੋਰ ਨਾਲ ਹਿੱਸਾ ਲੈਣਗੇ ਤੇ ਜਿੱਥੇ ਪਹਿਲਾਂ 67 ਸੀਟਾਂ ਜਿੱਤ ਸਕੇ ਸੀ, ਉਥੇ ਇਸ ਵਾਰ ਸਾਰੀਆਂ 70 ਸੀਟਾਂ 'ਆਪ' ਦੀ ਝੋਲੀ ਪੈਣਗੀਆਂ। ਬਲਜਿੰਦਰ ਕੌਰ ਨੇ ਅੱਜ ਆਪਣੀ ਰਿਹਾਇਸ਼ 'ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਵਿਧਾਇਕਾ ਬਲਜਿੰਦਰ ਕੌਰ ਅਨੁਸਾਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਉਹ ਪਿਛਲੇ ਪੰਜ ਸਾਲਾਂ ਵਿੱਚ ਪੂਰੇ ਵੀ ਕੀਤੇ ਹਨ ਅਤੇ ਜੋ ਕੰਮ ਇਸ ਵਾਰ ਦੀ ਕੇਜਰੀਵਾਲ ਸਰਕਾਰ ਨੇ ਕੀਤੇ ਹਨ। ਉਹ ਪਹਿਲਾਂ ਕਿਸੇ ਸਰਕਾਰ ਵੇਲੇ ਨਹੀਂ ਹੋਏ ਇਸ ਲਈ ਦਿੱਲੀ ਵਿੱਚ ਇੱਕ ਵਾਰ ਫਿਰ ਲੋਕ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਆਪਣਾ ਫਤਵਾ ਸੁਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਭਾਜਪਾ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ ਅਤੇ ਜੇ. ਐੱਨ. ਯੂ ਵਿਦਿਆਰਥੀਆਂ 'ਤੇ ਹਮਲਾ ਅਤੇ ਅਜਿਹੀਆਂ ਹੀ ਦਿੱਲੀ ਵਿੱਚ ਚੋਣਾਂ ਦੇ ਨਜ਼ਦੀਕ ਜਾ ਕੇ ਵਾਪਰੀਆਂ ਘਟਨਾਵਾਂ ਉਸ ਦਾ ਸਬੂਤ ਹਨ। ਉਨ੍ਹਾਂ ਜੇ. ਐੱਨ. ਯੂ ਹਮਲੇ ਵਰਗੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਭਾਜਪਾ ਨੂੰ ਜਿੰਮੇਵਾਰ ਦੱਸਿਆ ਹੈ। ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਪਰਮਿੰਦਰ ਢੀਂਡਸਾ ਵੱਲੋਂ ਅਕਾਲੀ ਦਲ ਖਿਲਾਫ ਬਾਗੀ ਤੇਵਰ ਅਪਨਾਉਣ ਦੇ ਸਵਾਲ 'ਤੇ ਵਿਧਾਇਕਾ ਬਲਜਿੰਦਰ ਕੌਰ ਨੇ ਇਸ ਲਈ ਢੀਂਡਸਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਰ ਆਏ ਪਰ ਦਰੁਸਤ ਆਏ, ਨਾਲ ਹੀ ਉਨ੍ਹਾਂ ਕਿਹਾ ਕਿ ਜੇ ਢੀਂਡਸਾ ਸਾਹਿਬ ਇਹ ਕਦਮ ਬਹੁਤ ਪਹਿਲਾਂ ਉਠਾ ਲੈਂਦੇ ਤਾਂ ਸ਼ਾਇਦ ਪੰਜਾਬ ਦਾ ਉਹ ਨੁਕਸਾਨ ਹੋਣੋਂ ਥੋੜਾ ਬਚ ਸਕਦਾ ਸੀ, ਜੋ ਅਕਾਲੀਆਂ ਨੇ ਕੀਤਾ।
ਅਗਿਆਨਤਾ ਤੇ ਮੂਰਖਤਾ ਦਾ ਸਿਖਰ ਹੈ ਹਰਸਿਮਰਤ ਦਾ ਟਵੀਟ : ਕੈਪਟਨ
NEXT STORY