ਲੁਧਿਆਣਾ(ਹਿਤੇਸ਼)- ਪੰਜਾਬ 'ਚ ਕਈ ਜਗ੍ਹਾ 'ਤੇ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ ਸਬੰਧੀ ਵਿਰੋਧੀ ਪਾਰਟੀਆਂ ਵਲੋਂ ਲਾਏ ਜਾ ਰਹੇ ਸਰਕਾਰ ਨਾਲ ਮਿਲੀਭੁਗਤ ਦੇ ਦੋਸ਼ਾਂ ਦੌਰਾਨ ਸਟੇਟ ਇਲੈਕਸ਼ਨ ਕਮਿਸ਼ਨਰ ਜਗਪਾਲ ਸੰਧੂ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਨਗਰ ਨਿਗਮ ਚੋਣ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਅਸਮਾਜਿਕ ਅਨਸਰਾਂ ਦੇ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ, ਜਿਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੰਧੂ ਨੇ ਮੰਗਲਵਾਰ ਨੂੰ ਇਥੇ ਆ ਕੇ ਪੁਲਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਡੀ. ਜੀ. ਪੀ. ਇਲੈਕਸ਼ਨ ਵੀ. ਕੇ. ਭੰਵਰਾ ਵੀ ਮੌਜੂਦ ਸਨ, ਜਿਨ੍ਹਾਂ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਨਾ ਕਰਨ ਦਿੱਤਾ ਜਾਵੇ ਤਾਂ ਕਿ ਨਿਰਪੱਖ ਚੋਣ ਯਕੀਨੀ ਬਣਾਉਣ ਲਈ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰਨ ਦਾ ਮੌਕਾ ਮਿਲ ਸਕੇ, ਜਿਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਲਈ ਅੱਧਾ ਦਰਜਨ ਸੀਨੀਅਰ ਆਈ. ਏ. ਐੱਸ. ਅਫਸਰਾਂ ਨੂੰ ਬਤੌਰ ਆਬਜ਼ਰਵਰ ਲਾਉਣ ਦਾ ਡਰ ਵੀ ਚੋਣ ਕਮਿਸ਼ਨ ਨੇ ਸਥਾਨਕ ਅਫਸਰਾਂ ਨੂੰ ਦਿਖਾਇਆ ਹੈ। ਇਸ ਮੌਕੇ ਡੀ. ਸੀ. ਪ੍ਰਦੀਪ ਅਗਰਵਾਲ, ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ, ਏ. ਡੀ. ਸੀ. ਨੀਰੂ ਕਤਿਆਲ, ਡੀ. ਸੀ. ਪੀ. ਅਸ਼ਵਨੀ ਕਪੂਰ ਵੀ ਮੌਜੂਦ ਸਨ।
ਅੰਕੜਿਆਂ ਦੇ ਆਧਾਰ 'ਤੇ ਨਿਕਲੀ ਵਿਰੋਧੀਆਂ ਦੇ ਦੋਸ਼ਾਂ ਦੀ ਹਵਾ; ਕਿਹਾ, ਅੱਗੇ ਐਕਸ਼ਨ ਬੋਲੇਗਾ
ਵਿਰੋਧੀਆਂ ਵਲੋਂ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਨਿਰਪੱਖਤਾ ਸਬੰਧੀ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਜਗ੍ਹਾ ਸੰਧੂ ਨੇ ਅੰਕੜਿਆਂ ਦੇ ਆਧਾਰ 'ਤੇ ਦੋਸ਼ਾਂ ਦੀ ਹਵਾ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਨਗਰ ਨਿਗਮ ਚੋਣ 'ਚ ਧਾਂਦਲੀ ਹੋਣ ਸਬੰਧੀ ਜਿਥੋਂ ਵੀ ਸ਼ਿਕਾਇਤਾਂ ਮਿਲੀਆਂ, ਉਨ੍ਹਾਂ ਦੀ ਜਾਂਚ ਦੇ ਦੌਰਾਨ ਜ਼ਿਆਦਾਤਰ ਮਾਮਲਿਆਂ 'ਚ ਵਿਰੋਧੀ ਪਾਰਟੀਆਂ ਨੂੰ ਜ਼ਿਆਦਾ ਵੋਟ ਮਿਲੀ ਹੋਈ ਸੀ। ਇਸ ਲੜੀ 'ਚ ਚੋਣ ਹੋਣ ਦੇ 45 ਦਿਨ ਬੀਤਣ ਦੇ ਬਾਅਦ ਸਿਰਫ 3 ਕੋਰਟ ਕੇਸ ਹੋਏ ਹਨ। ਜਿਥੋਂ ਤੱਕ ਲੁਧਿਆਣਾ ਨਗਰ ਨਿਗਮ ਚੋਣਾਂ 'ਚ ਸੱਤਾਪੱਖ ਵਲੋਂ ਗੜਬੜ ਕਰਨ ਬਾਰੇ ਜਤਾਏ ਜਾ ਰਹੇ ਸ਼ੱਕ ਦਾ ਸਵਾਲ ਹੈ। ਉਸ ਸਬੰਧੀ ਸੰਧੂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਐਕਸ਼ਨ ਬੋਲੇਗਾ।
ਸ਼ੱਕੀ ਬੂਥਾਂ ਦੀ ਹੋਵੇਗੀ ਵੀਡੀਓਗ੍ਰਾਫੀ
ਨਗਰ ਨਿਗਮ ਚੋਣਾਂ ਲਈ ਪ੍ਰਸ਼ਾਸਨ ਨੇ 1155 ਪੋਲਿੰਗ ਬੂਥ ਬਣਾਏ ਹਨ, ਜਿਨ੍ਹਾਂ 'ਚੋਂ ਸ਼ੱਕੀ ਬੂਥਾਂ ਬਾਰੇ ਸਿਆਸੀ ਪਾਰਟੀਆਂ ਤੋਂ ਰਿਪੋਰਟ ਮੰਗੀ ਗਈ ਹੈ, ਜਿਨ੍ਹਾਂ ਦੀ ਕਰਾਸ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਹੁਣ ਚੋਣ ਆਯੋਗ ਵਲੋਂ ਪੁਲਸ ਕਮਿਸ਼ਨਰ ਨੂੰ ਸੌਂਪੀ ਗਈ ਹੈ। ਉਨ੍ਹਾਂ ਵਲੋਂ ਐੱਸ. ਐੱਚ. ਓ. ਦੀ ਰਿਪੋਰਟ ਦੇ ਆਧਾਰ 'ਤੇ ਬਣਾ ਕੇ ਦਿੱਤੀ ਜਾਣ ਵਾਲੀ ਸੂਚੀ 'ਚ ਸ਼ਾਮਲ ਬੂਥਾਂ 'ਤੇ ਵੋਟਿੰਗ ਦੌਰਾਨ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਜਾਵੇਗੀ, ਜਿਥੋਂ ਤੱਕ ਸਿਆਸੀ ਪਾਰਟੀਆਂ ਵਲੋਂ ਆਪਣੇ ਖਰਚ 'ਤੇ ਵੀਡੀਓਗ੍ਰਾਫੀ ਕਰਵਾਉਣ ਬਾਰੇ ਕੀਤੀ ਜਾ ਰਹੀ ਮੰਗ ਦਾ ਸਵਾਲ ਹੈ। ਉਸ ਸਬੰਧੀ ਇਲੈਕਸ਼ਨ ਕਮਿਸ਼ਨਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਸਟੱਡੀ ਕੀਤੀ ਜਾ ਰਹੀ ਹੈ। ਜੇਕਰ ਕੋਈ ਸਮੱਸਿਆ ਨਾ ਆਈ ਤਾਂ ਹਰੀ ਝੰਡੀ ਦੇ ਦਿੱਤੀ ਜਾਵੇਗੀ।
ਜਲਦ ਲੱਗਣਗੇ ਸਪੈਸ਼ਲ ਨਾਕੇ, ਵੋਟਿੰਗ ਤੋਂ ਲੈ ਕੇ ਗਿਣਤੀ ਤੱਕ ਮਸ਼ੀਨਾਂ ਦੀ ਸੁਰੱਖਿਆ ਦੇ ਲਈ ਮੁਹੱਈਆ ਹੋਵੇਗੀ ਐਡੀਸ਼ਨਲ ਫੋਰਸ
ਸਟੇਟ ਇਲੈਕਸ਼ਨ ਕਮਿਸ਼ਨਰ ਅਤੇ ਡੀ. ਜੀ. ਪੀ. ਨੇ ਪੁਲਸ ਕਮਿਸ਼ਨਰ ਨੂੰ ਜਲਦ ਸ਼ਹਿਰ 'ਚ ਸਪੈਸ਼ਲ ਨਾਕਾਬੰਦੀ ਦਾ ਆਗਾਜ਼ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਚੋਣ ਦੇ ਦਿਨ ਪੋਲਿੰਗ ਸਟੇਸ਼ਨਾਂ ਅਤੇ ਫੀਲਡ 'ਚ ਪੁਲਸ ਫੋਰਸ ਦੀ ਤਾਇਨਾਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹੀ ਪ੍ਰਬੰਧ ਚੋਣਾਂ ਤੋਂ ਬਾਅਦ ਗਿਣਤੀ ਤੱਕ ਸਟ੍ਰਾਂਗ ਰੂਮ ਦੀ ਸੁਰੱਖਿਆ ਲਈ ਕੀਤੇ ਜਾਣਗੇ। ਇਸ ਲਈ ਲੋੜ ਪੈਣ 'ਤੇ ਐਡੀਸ਼ਨਲ ਫੋਰਸ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਸੰਧੂ ਨੇ ਸਥਾਨਕ ਅਫਸਰਾਂ ਨੂੰ ਦਿਵਾਇਆ ਹੈ।
ਹਿੰਸਾ ਦੀਆਂ ਘਟਨਾਵਾਂ 'ਤੇ ਲਗਾਮ ਲਾਉਣ ਲਈ ਜ਼ਬਤ ਹੋਣਗੇ ਹਥਿਆਰ
ਚੋਣ ਕਮਿਸ਼ਨ ਨੇ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ ਕਈ ਜਗ੍ਹਾ ਹਿੰਸਕ ਘਟਨਾਵਾਂ ਹੋਣ ਤੋਂ ਸਬਕ ਲੈਂਦੇ ਹੋਏ ਕਿਸੇ ਨੂੰ ਵੀ ਹਥਿਆਰ ਲੈ ਕੇ ਚੱਲਣ ਦੀ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ਦੇ ਤਹਿਤ ਪੁਲਸ ਪ੍ਰਸ਼ਾਸਨ ਨੂੰ ਚੋਣਾਂ ਨਾਲ ਸਬੰਧਤ ਇਲਾਕਿਆਂ 'ਚੋਂ ਹਥਿਆਰ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਖਤਮ ਹੋਵੇਗਾ ਰੱਦ ਹੋਣ ਦਾ ਡਰ
ਚੈੱਕ ਲਿਸਟ ਦੇ ਨਾਲ ਦਾਖਲ ਹੋਣਗੇ ਨਾਮਜ਼ਦਗੀ ਪੱਤਰ ਚੋਣਾਂ ਦੌਰਾਨ ਆਮ ਤੌਰ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਪ੍ਰਸ਼ਾਸਨ ਖਿਲਾਫ ਸਰਕਾਰ ਦੇ ਇਸ਼ਾਰੇ 'ਤੇ ਪੇਪਰ ਰੱਦ ਕਰਨ ਦੇ ਦੋਸ਼ ਲਾਏ ਜਾਂਦੇ ਹਨ, ਜੋ ਸ਼ੱਕ ਹੁਣ ਲੁਧਿਆਣਾ ਨਗਰ ਨਿਗਮ ਚੋਣਾਂ ਸਬੰਧੀ ਵੀ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਜਤਾਇਆ ਜਾ ਚੁੱਕਿਆ ਹੈ, ਜਿਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਕਿ ਨਾਮਜ਼ਦਗੀ ਚੈੱਕ ਲਿਸਟ ਦੇ ਨਾਲ ਦਾਖਲ ਹੋਣਗੇ, ਜਿਸ ਨਾਲ ਕਿਸੇ ਉਮੀਦਵਾਰ ਨੂੰ ਇਹ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਕਿ ਪੂਰੇ ਪੇਪਰ ਜਮ੍ਹਾ ਕਰਵਾਉਣ ਦੇ ਬਾਵਜੂਦ ਅਫਸਰਾਂ ਨੇ ਦਸਤਾਵੇਜ਼ ਇਧਰ-ਉਧਰ ਕਰ ਕੇ ਉਸ ਦਾ ਨਾਮਜ਼ਦਗੀ ਰੱਦ ਕਰ ਦਿੱਤਾ ਹੈ।
ਉਮੀਦਵਾਰਾਂ ਦੇ ਖਾਤੇ 'ਚ ਜੁੜੇਗਾ ਨਾਜਾਇਜ਼ ਹੋਰਡਿੰਗਾਂ ਦਾ ਖਰਚ
ਵੈਸੇ ਤਾਂ ਚੋਣਾਂ ਲਈ ਕੋਡ ਲਾਗੂ ਹੋਣ ਤੋਂ ਬਾਵਜੂਦ ਬਿਨਾਂ ਮਨਜ਼ੂਰੀ ਦੇ ਲੱਗੇ ਹੋਰਡਿੰਗਾਂ ਨੂੰ ਉਤਾਰਨ ਲਈ ਨਗਰ ਨਿਗਮ ਨੇ ਰਿਟਰਨਿੰਗ ਅਫਸਰ ਦੇ ਹਿਸਾਬ ਨਾਲ 9 ਟੀਮਾਂ ਦਾ ਗਠਨ ਕਰ ਦਿੱਤਾ ਹੈ ਪਰ ਉਨ੍ਹਾਂ ਲਈ ਸਾਰੇ ਸ਼ਹਿਰ 'ਚ ਕਾਰਵਾਈ ਕਰਨਾ ਮੁਸ਼ਕਿਲ ਨਜ਼ਰ ਆ ਰਿਹਾ ਹੈ, ਕਿਉਂਕਿ ਟੀਮਾਂ ਦਾ ਐਕਸ਼ਨ ਸਿਰਫ ਮੇਨ ਰੋਡ 'ਤੇ ਹੀ ਸੀਮਤ ਹੈ ਜਿਸ ਕਾਰਨ ਅੰਦਰੂਨੀ ਇਲਾਕੇ 'ਚ ਹੁਣ ਵੀ ਸਾਰੀਆਂ ਪਾਰਟੀਆਂ ਤੋਂ ਇਲਾਵਾ ਆਜ਼ਾਦ ਤੌਰ 'ਤੇ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੇ ਹੋਰਡਿੰਗ, ਬੈਨਰਾਂ ਅਤੇ ਪੋਸਟਰਾਂ ਦੀ ਭਰਮਾਰ ਲੱਗੀ ਹੋਈ ਹੈ, ਜਿਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੰਧੂ ਨੇ ਕਿਹਾ ਕਿ 8 ਫਰਵਰੀ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਅਦ ਬਿਨਾਂ ਮਨਜ਼ੂਰੀ ਦੇ ਲੱਗੇ ਹੋਰਡਿੰਗਾਂ ਦਾ ਖਰਚ ਉਮੀਦਵਾਰ ਦੇ ਖਾਤੇ 'ਚ ਜੋੜਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਫੋਟੋ ਤੇ ਵੀਡੀਓ ਦੇ ਨਾਲ ਸ਼ਿਕਾਇਤ ਭੇਜਣ ਲਈ ਜਾਰੀ ਰਹੇਗਾ ਵ੍ਹਟਸਐਪ ਨੰਬਰ
ਡੀ. ਜੀ. ਪੀ. ਇਲੈਕਸ਼ਨ ਵੀ. ਕੇ. ਭੰਵਰਾ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਤੌਰ 'ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਕਿ ਉਹ ਆਪਣੀ ਸ਼ਿਕਾਇਤ ਕਿਥੇ ਦਰਜ ਕਰਵਾਉਣ, ਜਿਸ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਨੂੰ ਬਕਾਇਦਾ ਇਕ ਵ੍ਹਟਸਐਪ ਨੰਬਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਲੋਕ ਕੋਈ ਵੀ ਸ਼ਿਕਾਇਤ ਦੇ ਨਾਲ ਸਬੂਤ ਤੌਰ 'ਤੇ ਫੋਟੋ ਅਤੇ ਵੀਡੀਓ ਵੀ ਭੇਜ ਸਕਣ ਜਿਸ 'ਤੇ ਤੁਰੰਤ ਐਕਸ਼ਨ ਲੈਣ ਨੂੰ ਕਿਹਾ ਗਿਆ ਹੈ।
ਹਰ ਫੋਨ ਕਰਨਾ ਹੋਵੇਗਾ ਅਟੈਂਡ, ਬੈਕ ਕਾਲ ਵੀ ਕਰਨਗੇ ਅਫਸਰ
ਪੁਲਸ ਪ੍ਰਸ਼ਾਸਨ ਦੇ ਅਫਸਰਾਂ ਨੂੰ ਹਦਾਇਤ ਮਿਲੀ ਹੈ ਕਿ ਚੋਣਾਂ ਦੌਰਾਨ ਹਰ ਫੋਨ ਕਾਲ ਅਟੈਂਡ ਨਾ ਹੋ ਸਕੀ ਤਾਂ ਅਫਸਰਾਂ ਨੂੰ ਮਿਸਡ ਕਾਲ ਲਿਸਟ 'ਚ ਆਏ ਸਾਰੇ ਨੰਬਰਾਂ 'ਤੇ ਬੈਕ ਕਾਲ ਕਰਨੀ ਹੋਵੇਗੀ।
ਤਾਂ ਇਸ ਲਈ ਚੋਣ ਤੋਂ ਦੋ ਦਿਨ ਬਾਅਦ ਹੋਵੇਗੀ ਗਿਣਤੀ
ਪੰਜਾਬ 'ਚ ਬਾਕੀ ਜਗ੍ਹਾ ਹੋਈਆਂ ਨਗਰ ਨਿਗਮ ਚੋਣਾਂ 'ਚ ਵੋਟਿੰਗ ਦੇ ਦਿਨ ਦੀ ਗਿਣਤੀ ਕਰ ਕੇ ਨਤੀਜੇ ਡਿਕਲੇਅਰ ਕਰ ਦਿੱਤੇ ਗਏ ਸੀ ਪਰ ਲੁਧਿਆਣਾ ਦੇ ਮਾਮਲੇ 'ਚ ਇਸ ਤਰ੍ਹਾਂ ਕਰਨ ਦੀ ਜਗ੍ਹਾ 24 ਫਰਵਰੀ ਨੂੰ ਵੋਟਿੰਗ ਦੇ ਦੋ ਦਿਨ ਬਾਅਦ ਨਤੀਜੇ ਐਲਾਨ ਕੀਤੇ ਜਾਣਗੇ, ਜਿਸ ਸਬੰਧੀ ਧਾਂਦਲੀ ਦਾ ਸ਼ੱਕ ਪ੍ਰਗਟ ਕਰਦਿਆਂ ਵਿਰੋਧੀ ਪਾਰਟੀਆਂ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ 'ਤੇ ਕਾਂਗਰਸ ਵੀ ਵੋਟਿੰਗ ਵਾਲੇ ਦਿਨ ਹੀ ਨਤੀਜੇ ਐਲਾਨ ਕਰਨ ਦੀ ਮੰਗ ਕਰ ਚੁੱਕੀ ਹੈ, ਜਿਸ ਬਾਰੇ ਪੁੱਛੇ ਜਾਣ 'ਤੇ ਸੰਧੂ ਨੇ ਕਿਹਾ ਕਿ ਪਹਿਲਾਂ ਹੋਈਆਂ ਚੋਣਾਂ 'ਚ ਵੋਟਿੰਗ ਦੇ ਦਿਨ ਹੀ ਨਤੀਜੇ ਡਿਕਲੇਅਰ ਕਰਨ 'ਚ ਕਾਫੀ ਸਮੱਸਿਆ ਆਈ ਸੀ, ਜਿਸ ਦੇ ਮੱਦੇਨਜ਼ਰ ਹੀ ਲੁਧਿਆਣਾ 'ਚ ਦੋ ਦਿਨ ਦਾ ਅੰਤਰਾਲ ਦਿੱਤਾ ਗਿਆ ਹੈ, ਜਿਸ 'ਚ ਅਹਿਮ ਪਹਿਲੂ ਇਹ ਹੈ ਕਿ ਜੇਕਰ ਕਿਤੇ ਰੀ-ਪੋਲ ਦੀ ਲੋੜ ਪਈ ਤਾਂ ਅਗਲੇ ਦਿਨ ਕਰਵਾਈ ਜਾ ਸਕਦੀ ਹੈ। ਇਹ ਕੇਂਦਰੀ ਚੋਣ ਕਮਿਸ਼ਨ ਦਾ ਸਟੈਂਡਰਡ ਪ੍ਰੋਸੀਜ਼ਰ ਹੈ।
ਸ਼ਰਾਬ ਅਤੇ ਭੁੱਕੀ ਫੜੀ
NEXT STORY