ਜਲੰਧਰ (ਵੈੱਬ ਡੈਸਕ)- ਪੰਜਾਬ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜੇਤੂ ਉਮੀਦਵਾਰਾਂ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਜਲੰਧਰ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ਨਾਲ 390053 ਵੋਟਾਂ ਹਾਸਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਡੇਰਾ ਸਚਖੰਡ ਬੱਲਾਂ 'ਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਅਤੇ ਡੇਰਾ ਮੁਖੀ ਦਾ ਆਸ਼ਿਰਵਾਦ ਲਿਆ। ਇਸ ਦੇ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ‘ਚ ਨਤਮਸਤਕ ਹੋ ਕੇ ਲੋਕ ਸਭਾ ਹਲਕਾ ਜਲੰਧਰ ਤੋਂ ਜਿੱਤ ਬਖ਼ਸ਼ਿਸ ਕਰਨ ਲਈ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਇਸ ਦੇ ਇਲਾਵਾ ਉਨ੍ਹਾਂ ਵੱਲੋਂ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਵੀ ਮੱਥਾ ਟੇਕਿਆ ਗਿਆ। ਇਸ ਮੌਕੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ
ਜ਼ਿਕਰਯੋਗ ਹੈ ਕਿ ਕਾਂਗਰਸ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ 175993 ਵੋਟਾਂ ਦੀ ਇਤਿਹਾਸਕ ਲੀਡ ਹਾਸਲ ਕਰਕੇ ਜਲੰਧਰ ਲੋਕ ਸਭਾ ਚੋਣ ’ਚ ਜਿੱਤ ਹਾਸਲ ਕਰਦਿਆਂ ਕਾਂਗਰਸ ਦੇ ਗੜ੍ਹ ਜਲੰਧਰ ’ਚ ਇਕ ਵਾਰ ਫਿਰ ਤੋਂ ਝੰਡਾ ਲਹਿਰਾ ਦਿੱਤਾ ਹੈ। ਇਸ ਚੋਣ ’ਚ ਚਰਨਜੀਤ ਸਿੰਘ ਚੰਨੀ ਨੇ ਕੁੱਲ 390053 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 214060 ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਹਨ। ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ 208889 ਵੋਟ ਹਾਸਲ ਕਰਕੇ ਤੀਜੇ ਸਥਾਨ ’ਤੇ ਸੰਤੁਸ਼ਟ ਹੋਣਾ ਪਿਆ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਅਤੇ ਬਹੁਜਨ ਸਮਾਜ ਪਾਰਟੀ ਦੇ ਐਡਵੋਕੇਟ ਬਲਵਿੰਦਰ ਕੁਮਾਰ ਦੀ ਜ਼ਮਾਨਤ ਜ਼ਬਤ ਹੋ ਗਈ। ਕੇ. ਪੀ. ਨੂੰ 67911 ਅਤੇ ਐਡ. ਬਲਵਿੰਦਰ ਨੂੰ 64941 ਵੋਟਾਂ ਪ੍ਰਾਪਤ ਹੋਈਆਂ ਹਨ।
ਚੰਨੀ ਦੀ ਇਸ ਵੱਡੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਿਲ੍ਹਾ ਦੇ ਵੋਟਰਾਂ ਨੇ ਜਿੱਥੇ ਦਲ-ਬਦਲੂਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ, ਉਥੇ ਹੀ, ਜਨਤਾ ਨੇ ਵਿਰੋਧੀਆਂ ਵੱਲੋਂ ਚਰਨਜੀਤ ਚੰਨੀ ’ਤੇ ਬਾਹਰੀ ਹੋਣ ਦਾ ਲਾਇਆ ਠੱਪਾ ਪੂਰੀ ਤਰ੍ਹਾਂ ਨਾਲ ਧੋ ਦਿੱਤਾ ਹੈ। ਸਾਬਕਾ ਸੀ. ਐੱਮ. ਚੰਨੀ ਨੇ ਚੋਣ ਜਿੱਤ ਕੇ ਸੰਸਦ ਮੈਂਬਰ ਦੇ ਤੌਰ ’ਤੇ ਪਹਿਲੀ ਵਾਰ ਲੋਕ ਸਭਾ ’ਚ ਐਂਟਰੀ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ
ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਸਾਲ 1999 ਤੋਂ ਲੈ ਕੇ 2022 ਤਕ ਕਾਂਗਰਸ ਲਗਾਤਾਰ ਕਾਬਜ਼ ਰਹੀ ਹੈ ਪਰ ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਪਾਰਟੀ ਨੂੰ ਛੱਡ ਕੇ ‘ਆਪ’’ਚ ਸ਼ਾਮਲ ਹੋਏ ਤੇ ‘ਆਪ’ਵੱਲੋਂ ਉਮੀਦਵਾਰ ਬਣ ਕੇ ਜ਼ਿਮਨੀ ਚੋਣ ’ਚ ਜਿੱਤ ਪ੍ਰਾਪਤ ਕੀਤੀ ਪਰ 2024 ਦੀਆਂ ਆਮ ਚੋਣਾਂ ’ਚ ਟਿਕਟ ਮਿਲਣ ਦੇ ਬਾਵਜੂਦ ਰਿੰਕੂ ‘ਆਪ’ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਥੇ ਹੀ, ਪਵਨ ਟੀਨੂੰ ਅਕਾਲੀ ਦਲ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਕੇ ਉਮੀਦਵਾਰ ਬਣੇ। ਉਥੇ ਹੀ, ਮਹਿੰਦਰ ਸਿੰਘ ਕੇ. ਪੀ. ਵਰਗਾ ਕਾਂਗਰਸ ਦਾ ਸੀਨੀਅਰ ਚਿਹਰਾ ਅਕਾਲੀ ਦਲ ’ਚ ਸ਼ਾਮਲ ਹੋ ਕੇ ਚੋਣ ਮੈਦਾਨ ’ਚ ਉਤਰਿਆ। ਇਹੀ ਵਜ੍ਹਾ ਰਹੀ ਕਿ ਚੋਣ ’ਚ ਦਲ-ਬਦਲੂਆਂ ਦਾ ਮੁੱਦਾ ਕਾਫ਼ੀ ਹਾਵੀ ਰਿਹਾ ਅਤੇ ਲੋਕਾਂ ਨੇ ਇਨ੍ਹਾਂ ਦਲ-ਬਦਲੂਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ।
ਇੰਨਾ ਹੀ ਨਹੀਂ, ਜਲੰਧਰ ਲੋਕ ਸਭਾ ਦੀ ਚੋਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ‘ਆਪ’ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਮਨੋਜ ਤਿਵਾੜੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਅਨੇਕ ਕੱਦਾਵਰ ਆਗੂਆਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ ਪਰ ਚੰਨੀ ਨੇ ਬਿਨਾਂ ਕਿਸੇ ਸਟਾਰ ਪ੍ਰਚਾਰਕ ਦੇ ਦਮ ’ਤੇ ਚੋਣ ਪ੍ਰਚਾਰ ਕਰਕੇ 2 ਮਹੀਨਿਆਂ ’ਚ ਹੀ ਹਵਾ ਦਾ ਰੁਖ਼ ਬਦਲ ਦਿੱਤਾ।
ਇਹ ਵੀ ਪੜ੍ਹੋ- ਜਲੰਧਰ ਲੋਕ ਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਹਾਰੀ 'ਆਪ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਰੋਜ਼ਪੁਰ 'ਚ ਘੁਬਾਇਆ ਨੇ ਕਾਂਗਰਸ ਦਾ 40 ਸਾਲਾਂ ਦਾ ਸੋਕਾ ਦੂਰ ਕੀਤਾ, 1984 ਤੋਂ ਹਾਰਦੀ ਆ ਰਹੀ ਸੀ ਪਾਰਟੀ
NEXT STORY