ਸੰਗਰੂਰ (ਰੂਪਕ, ਬੇਦੀ, ਸਿੰਧਵਾਨੀ)-ਦਲਿਤ ਭਾਈਚਾਰੇ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆਉਣ 'ਤੇ ਦਲਿਤਾਂ ਵਿਚ ਹਾ-ਹਾ ਕਾਰ ਮਚੀ ਪਈ ਹੈ, ਜਿਸ ਕਾਰਨ ਦਲਿਤ ਵੈੱਲਫੇਅਰ ਸੰਗਠਨ ਰਜਿ. ਪੰਜਾਬ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਂ ਸਥਾਨਕ ਜ਼ਿਲਾ ਪ੍ਰਬੰਧਕ ਕੰਪਲੈਕਸ ਵਿਖੇ ਜੀ. ਏ. ਟੂ ਡੀ. ਸੀ . ਮੈਡਮ ਦੀਪਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਜੋ ਦਲਿਤ ਪਰਿਵਾਰਾਂ ਨੂੰ 3000 ਯੂਨਿਟ ਸਾਲਾਨਾ ਖਪਤ ਹੋਣ 'ਤੇ ਬਿਜਲੀ ਮੁਆਫੀ ਬੰਦ ਕਰਨ ਦੀ ਸ਼ਰਤ ਰੱਖੀ ਗਈ ਹੈ, ਉਸ ਨੂੰ ਤੁਰੰਤ ਹਟਾਇਆ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਕਾਂਗੜਾ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਸ ਅੱਤ ਦੀ ਮਹਿੰਗਾਈ ਵਿਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਦਲਿਤਾਂ ਨੂੰ ਉਨ੍ਹਾਂ ਦੇ ਘਰਾਂ ਦੇ ਬਹੁਤ ਹੀ ਜ਼ਿਆਦਾ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਆਰਥਿਕ ਸੰਤੁਲਨ ਬਿਲਕੁਲ ਹੀ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹ ਪਰਿਵਾਰ ਇਹ ਬਿੱਲ ਭਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ, ਜਿਸ ਕਾਰਨ ਉਹ ਅੱਜ ਭਾਰੀ ਚਿੰਤਾ 'ਚ ਡੁੱਬੇ ਹਨ। ਸ਼੍ਰੀ ਕਾਂਗੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਵਾਂਗ ਦਲਿਤਾਂ ਨੂੰ ਵੀ ਇਕ ਕਿਲੋਵਾਟ ਲੋਡ ਅਤੇ ਸਾਲਾਨਾ 3000 ਹਜ਼ਾਰ ਯੂਨਿਟ ਦੀ ਖਪਤ ਦੀ ਸ਼ਰਤ ਨੂੰ ਹਟਾ ਕੇ ਬਿਨਾਂ ਸ਼ਰਤ ਬਿਜਲੀ ਮੁਆਫੀ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ।
ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਆਪਣੇ ਪੰਜਾਬ ਭਰ ਦੇ ਜ਼ਿਲਾ ਪ੍ਰਧਾਨਾਂ ਅਤੇ ਹੋਰ ਸੰਗਠਨ ਦੇ ਵਫਦ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਗੇ।
ਪਾਕਿ ਦੀ ਲਿਪੀ 'ਸ਼ਾਹਮੁਖੀ' ਪੜ੍ਹਾਈ ਜਾਵੇਗੀ ਪੰਜਾਬ ਯੂਨੀਵਰਸਿਟੀ 'ਚ
NEXT STORY