ਜਲੰਧਰ (ਰਮਨਦੀਪ ਸੋਢੀ): ਪੰਜਾਬ ’ਚ ਬਿਜਲੀ ਰੇਟਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾ ਰਹੀ ਹੈ। ਇਸ ਵਿਚ ਜਿੱਥੇ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ, ਉਥੇ ਕਾਂਗਰਸ ਸਰਕਾਰ ਇਸ ਦਾ ਦੋਸ਼ ਪਿਛਲੀ ਅਕਾਲੀ-ਭਾਜਪਾ ’ਤੇ ਮੜ੍ਹ ਰਹੀ ਹੈ, ਜਦਕਿ ‘ਆਪ’ ਦਾ ਕਹਿਣਾ ਹੈ ਕਿ ਇਸ ਦੇ ਦੋਵੇਂ ਹੀ ਜ਼ਿੰਮੇਵਾਰ ਹਨ।ਇਸ ਮੁੱਦੇ ’ਤੇ ਜਦੋਂ ਗੁਰਦਾਸਪੁਰ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬਿਜਲੀ ਮਾਮਲੇ ’ਚ ਅਕਾਲੀਆਂ ਦਾ ਉਹ ਹਾਲ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲਾ ਹੈ। ਪੂਰਾ ਪੰਜਾਬ ਇਸ ਸਮੇਂ ਅਕਾਲੀ ਦਲ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ।ਕੈਪਟਨ ਦੇ ਬਿਆਨ ਕਿ ਜਦੋਂ ਤੱਕ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਜਾਂਦਾ, ਉਦੋਂ ਤੱਕ ਮੈਂ ਸਿਆਸਤ ਨਹੀਂ ਛੱਡਾਂਗਾ, ’ਤੇ ਉਨ੍ਹਾਂ ਕਿਹਾ ਕਿ ਇਸ ਲਈ ਕੈਪਟਨ ਨੂੰ 1000 ਸਾਲ ਤੱਕ ਜਿਊਣਾ ਪਵੇਗਾ। ਉਨ੍ਹਾਂ ਦਾ ਇਹ ਸੁਪਨਾ 2 ਸਾਲ ਵਿਚ ਪੂਰਾ ਨਹੀਂ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿੰਨੇ ਵੀ ਵਾਅਦੇ ਕੀਤੇ ਸਨ ਉਨ੍ਹਾਂ ’ਚੋਂ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੈਂ ਕੈਪਟਨ ਨਾਲ ਉਸ ਸਮੇਂ ਤੱਕ ਨਹੀਂ ਚੱਲਾਂਗਾ ਜਦੋਂ ਤੱਕ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਲੈਂਦੇ। ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਤੋਂ ਮਾਯੂਸ ਹਨ। ਜੇਕਰ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਹੀ ਇਨ੍ਹਾਂ ਦੋਵਾਂ ਪਾਰਟੀਆਂ ਦੀ ਹੋਂਦ ਕਾਇਮ ਰਹਿ ਸਕਦੀ ਹੈ। ਬਾਜਵਾ ਨੇ ਸਪੱਸ਼ਟ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਬਚਾਉਣਾ ਹੈ ਤਾਂ ਇਸ ਨੂੰ ਕੈਪਟਨ ਮੁਕਤ ਕਰਨਾ ਹੀ ਪਵੇਗਾ।
ਕਾਂਗਰਸ ਨੂੰ ਬਚਾਉਣ ਲਈ ਮੰਤਰੀਆਂ ਤੇ ਵਿਧਾਇਕਾਂ ਨੂੰ ਬੋਲਣਾ ਪਵੇਗਾ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਕਾਂਗਰਸੀ ਮੰਤਰੀ ਅਤੇ ਵਿਧਾਇਕਾਂ ਨੂੰ ਹੁਣ ਬੋਲਣਾ ਹੀ ਪਵੇਗਾ। ਪੰਜਾਬ ਵਿਚ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਸਟੈਂਡ ਲੈਣਾ ਚਾਹੀਦਾ ਹੈ।
ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਬਿਜਲੀ ਦੇ ਮੁੱਦੇ ’ਤੇ ਵ੍ਹਾਈਟ ਪੇਪਰ ਜਾਰੀ ਕਰੇ
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਜਵਾਹਰ ਲਾਲ ਨਹਿਰੂ ਦੀ ਮਦਦ ਨਾਲ ਭਾਖੜਾ ਡੈਮ ਲੈ ਕੇ ਆਏ ਸਨ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਤਕਰੀਬਨ 3000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਇਹ ਬਿਜਲੀ 24 ਪੈਸੇ ਯੂਨਿਟ ਪੈਂਦੀ ਹੈ। ਸਾਨੂੰ ਪੂਰੇ ਹਿੰਦੁਸਤਾਨ ’ਚ ਸਾਢੇ 4 ਰੁਪਏ ਸੈਂਟਰਲ ਗਰਿੱਡ ਤੋਂ ਬਿਜਲੀ ਮਿਲਦੀ ਹੈ, ਜਦਕਿ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਤੋਂ 9 ਰੁਪਏ ਪ੍ਰਤੀ ਯੂਨਿਟ ਬਿਜਲੀ ਲੈਂਦੇ ਰਹੇ ਹਾਂ, ਜੋ ਸਰਾਸਰ ਲੁੱਟ ਹੈ।
ਸੁਖਬੀਰ ਬਾਦਲ ਵਲੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਗੱਲ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਸੀ. ਬੀ. ਆਈ. ਜਾਂਚ ਦੀ ਬਿਲਕੁਲ ਲੋੜ ਨਹੀਂ। ਆਉਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਪੰਦਾਬ ਸਰਕਾਰ ਇਸ ’ਤੇ ਵ੍ਹਾਈਟ ਪੇਪਰ ਜਾਰੀ ਕਰ ਕੇ ਲੋਕਾਂ ਨੂੰ ਦੱਸੇ ਕਿ ਕਿਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਲੁੱਟ ਕੀਤੀ, ਨਾਲ ਹੀ 3 ਵੱਡੇ ਥਰਮਲ ਪਲਾਂਟਾਂ ਨਾਲ ਹੋਏ ਵਾਅਦਿਆਂ ਦਾ ਟੈਕਨੋ ਆਡਿਟ ਕਰਵਾਇਆ ਜਾਵੇ।
ਸੁਖਬੀਰ ਨੇ ਪੰਜਾਬ ਦੇ ਲੋਕਾਂ ਨੇ ਇਹ ਕਹਿ ਕੇ ਮੂਰਖ ਬਣਾਇਆ ਕਿ ਉਹ ਪੰਜਾਬ ਨੂੰ ਬਿਜਲੀ ਮਾਮਲੇ ’ਚ ਸਰਪਲਸ ਬਣਾ ਕੇ ਇਹ ਬਿਜਲੀ ਦੂਜੇ ਦੇਸ਼ਾਂ ਨੂੰ ਵੇਚਣਗੇ ਜਦਕਿ ਅਜਿਹਾ ਕੁਝ ਨਹੀਂ ਹੋਇਆ। ਜੇਕਰ ਅੱਜ ਵੀ ਕਾਂਗਰਸ ਸਰਕਾਰ ਨੇ ਇਸ ’ਤੇ ਕੋਈ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਦੇ ਵਧੇ ਰੇਟ ਦੇ ਹੋਰ ਝਟਕੇ ਲੱਗਣਗੇ।
ਫਿਰੋਜ਼ਪੁਰ ਦੇ DC ਨੇ ਬਿਰਧ ਆਸ਼ਰਮ ’ਚ ਬਜ਼ੁਰਗਾਂ ਨਾਲ ਮਨਾਈ ਲੋਹਡ਼ੀ (ਵੀਡੀਓ)
NEXT STORY