ਅੰਮ੍ਰਿਤਸਰ/ਚੰਡੀਗੜ੍ਹ (ਬਿਊਰੋ)-ਕਿਸਾਨ, ਸਨਅਤਕਾਰ ਤੇ ਵਪਾਰੀ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਤੋਂ ਬਿਨਾਂ ਪੰਜਾਬ ਦੇ ਆਰਥਿਕ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਪੰਜਾਬ ਸਰਕਾਰ ਦਾ ਦ੍ਰਿੜ੍ਹ ਨਿਸ਼ਚਾ ਹੈ ਕਿ ਇਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਆਪਣੀ ਰਿਹਾਇਸ਼ ’ਤੇ ਸਨਅਤਕਾਰਾਂ ਅਤੇ ਵਪਾਰੀਆਂ ਵੱਲੋਂ ਦਿੱਤੇ ਗਏ ਮੰਗ-ਪੱਤਰ ਨੂੰ ਲੈਣ ਸਮੇਂ ਕੀਤਾ। ਸੋਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਨਅਤਕਾਰਾਂ ਤੇ ਵਪਾਰੀਆਂ ਦੇ ਨਾਲ 25 ਅਕਤੂਬਰ ਦਿਨ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ’ਚ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਬਿਜਲੀ ਵਿਚ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ-ਵਟਾਂਦਰਾ ਕਰਕੇ ਰਾਹਤ ਦਿੱਤੀ ਜਾਵੇਗੀ। ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਫੌਰੀ ਤੌਰ ’ਤੇ ਇਸ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਕੈਪਟਨ ਨੂੰ ਸਲਾਹ, ਕਿਹਾ-ਨਵੀਂ ਪਾਰਟੀ ਬਣਾ ਕੇ ਇਹ ਵਹਿਮ ਵੀ ਕੱਢ ਲੈਣਾ ਚਾਹੀਦੈ
ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਵਕੀਲ ਬਣ ਕੇ ਮੁੱਖ ਮੰਤਰੀ ਕੋਲ ਤੁਹਾਡੇ ਸਾਰੇ ਮੁੱਦੇ ਚੁੱਕਾਂਗਾ ਅਤੇ ਤੁਹਾਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ, ਦਾ ਹੱਲ ਵੀ ਤੁਰੰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪੰਜਾਬ ’ਚ ਸਨਅਤਾਂ ਨੂੰ ਪ੍ਰਫੁੱਲਿਤ ਕਰਨ ਦੀ ਹੈ ਤਾਂ ਜੋ ਬਾਹਰੋਂ ਸਨਅਤਾਂ ਵੀ ਇਥੇ ਆ ਕੇ ਲੱਗ ਸਕਣ। ਸੋਨੀ ਨੇ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਪੱਟੀ-ਮੱਖੂ ਰੇਲਵੇ ਲਿੰਕ ਨੂੰ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ੁਰੂ ਤੋਂ ਹੀ ਸਨਅਤਾਂ ਨੂੰ ਚੰਗਾ ਮਾਹੌਲ ਦੇਣ ਲਈ ਵਚਨਬੱਧ ਰਹੀ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਫੈਸ਼ਨਲ ਟੈਕਸ ’ਚ ਰਾਹਤ ਅਤੇ ਵਨ ਟਾਈਮ ਸੈਟਲਮੈਨ ਸਕੀਮ ਵੀ ਛੇਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਜਲਦ ਹੀ ਸਨਅਤਕਾਰਾਂ ਲਈ ਨੁਮਾਇਸ਼ ਲਈ ਬਣਨ ਵਾਲੇ ਕੇਂਦਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਸੋਨੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਹੀ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਹੋ ਰਹੀ ਹੈ ਅਤੇ ਤੁਹਾਡੇ ਵੱਲੋਂ ਹਰ ਸਮੇਂ ਵਪਾਰੀਆਂ, ਸਨਅਤਕਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਤੁਹਾਡੇ ਧੰਨਵਾਦੀ ਹਾਂ ਅਤੇ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਹੀ ਸਾਡੀ ਸਨਅਤ ਪ੍ਰਫੁੱਲਿਤ ਹੋ ਸਕੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੰਗਾਪੁਰ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਆਪਣੇ ਦਰਵਾਜ਼ੇ
ਇਸ ਮੌਕੇ ਸਮੀਰ ਜੈਨ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਕਿਹਾ ਕਿ ਸਨਅਤ ਨੂੰ ਹੋਰ ਉੱਚਾ ਚੁੱਕਣ ਲਈ ਸਰਕਾਰ 5 ਹਜ਼ਾਰ ਕਰੋੜ ਰੁਪਏ ਦਾ ਬਜਟ ਦੇਵੇ ਤਾਂ ਜੋ ਸਨਅਤ ਨੂੰ ਹੋਰ ਹੁਲਾਰਾ ਮਿਲ ਸਕੇ। ਸਮੀਰ ਜੈਨ ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ, ਪ੍ਰੋਫੈਸ਼ਨਲ ਟੈਕਸ ਤੇ ਬਿਜਲੀ ਦੇ ਬਿੱਲਾਂ ਵਿਚ ਰਾਹਤ ਵੀ ਦਿੱਤੀ ਜਾਵੇ। ਸੋਨੀ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਰੱਖਿਆ ਜਾਵੇਗਾ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਮੌਕੇ ’ਤੇ ਹੀ ਕਰਵਾਇਆ ਜਾਵੇਗਾ। ਇਸ ਮੀਟਿੰਗ ’ਚ ਕੌਂਸਲਰ ਵਿਕਾਸ ਸੋਨੀ, ਬਲਦੇਵ ਭਸੀਨ, ਅਸ਼ੋਕ ਸੇਠੀ ਡਾਇਰੈਕਟਰ ਪੰਜਾਬ ਰਾਈਸ ਮਿੱਲ, ਅਰਵਿੰਦਰ ਪਾਲ ਸਿੰਘ ਲਾਲ ਕਿਲਾ ਰਾਈਸ ਮਿੱਲ, ਅਮਿਤ ਮਰਵਾਹਾ, ਸੁਮਿਤ ਅਗਰਵਾਲ ਵੀ ਹਾਜ਼ਰ ਸਨ।
ਬਾਰਸ਼ ਤੇ ਗੜ੍ਹੇਮਾਰੀ ਨੇ ਕਰਵਾ ਚੌਥ ਮੌਕੇ ਦੁਕਾਨਦਾਰਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
NEXT STORY