ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਇਸ ਸਾਲ ਦਸਵੀਂ ਦੀ ਪ੍ਰੀਖਿਆ 'ਚ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸੂਬੇ ਦੇ 9 ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ 'ਪ੍ਰਵੇਸ਼ ਪ੍ਰੀਖਿਆ' ਪਾਸ ਕਰਨ ਲਈ ਦੋ ਮੌਕੇ ਦਿੱਤੇ ਜਾਣ ਦੇ ਬਾਵਜੂਦ ਅਨੇਕਾਂ ਵਿਦਿਆਰਥੀ ਇਸ ਟੈਸਟ 'ਚ ਫ਼ੇਲ ਹੋ ਗਏ ਹਨ। ਇਸ ਕਾਰਨ ਇਕ ਵਾਰ ਫੇਰ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰਦੇ 80 ਫ਼ੀਸਦੀ ਤੋਂ ਜ਼ਿਆਦਾ ਨੰਬਰਾਂ ਨਾਲ ਪਾਸ ਹੋਏ ਇਨ੍ਹਾਂ ਵਿਦਿਆਰਥੀਆਂ ਦੀ ਕਾਬਲੀਅਤ ਦੀ ਅਸਲ ਤਸਵੀਰ ਸਾਹਮਣੇ ਆ ਗਈ ਹੈ। ਇਨ੍ਹਾਂ ਵਿਦਿਆਰਥੀਆਂ ਦੀ ਇਸ ਮਾੜੀ ਕਾਰਗੁਜ਼ਾਰੀ ਕਾਰਨ ਇਸ ਸਾਲ ਸਿੱਖਿਆ ਵਿਭਾਗ ਵੱਲੋਂ ਦੋ ਕੋਸ਼ਿਸ਼ਾਂ ਕੀਤੇ ਜਾਣ ਦੇ ਬਾਵਜੂਦ ਮੈਰੀਟੋਰੀਅਸ ਸਕੂਲਾਂ ਦੀਆਂ 954 ਸੀਟਾਂ ਖ਼ਾਲੀ ਰਹਿ ਗਈਆਂ ਹਨ।
ਮੁਫ਼ਤ ਮਿਲਦੀਆਂ ਹਨ ਸਾਰੀਆਂ ਸਹੂਲਤਾਂ: ਸਰਕਾਰ ਵੱਲੋਂ 2014-15 ਦੌਰਾਨ ਦਸਵੀਂ 'ਚ ਸਰਕਾਰੀ ਸਕੂਲਾਂ 'ਚ ਪੜ੍ਹ ਕੇ 80 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਮੁਫ਼ਤ ਸਿੱਖਿਆ ਦੇਣ ਲਈ ਲੁਧਿਆਣਾ, ਮੋਹਾਲੀ, ਜਲੰਧਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ ਜ਼ਿਲਿਆਂ ਅੰਦਰ 6 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸਨ ਅਤੇ ਬਾਅਦ ਵਿਚ ਗੁਰਦਾਸਪੁਰ ਸਮੇਤ ਤਿੰਨ ਜ਼ਿਲਿਆਂ 'ਚ ਹੋਰ ਤਿੰਨ ਸਕੂਲ ਖ਼ੋਲ੍ਹ ਦਿੱਤੇ ਜਾਣ ਕਾਰਨ ਇਨ੍ਹਾਂ ਸਕੂਲਾਂ ਦੀ ਕੁਲ ਗਿਣਤੀ 9 ਹੋ ਚੁੱਕੀ ਹੈ। ਹਰੇਕ ਸਕੂਲ 'ਚ ਕੁਲ 500 ਵਿਦਿਆਰਥੀਆਂ ਲਈ ਸੀਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜ੍ਹਾਈ ਦੇ ਇਲਾਵਾ ਹੋਸਟਲ, ਖਾਣਾ, ਕਿਤਾਬਾਂ ਤੇ ਵਰਦੀਆਂ ਸਮੇਤ ਵੱਖ-ਵੱਖ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
2 ਵਾਰ ਟੈਸਟ ਲੈਣ ਦੇ ਬਾਵਜੂਦ ਮਾੜੀ ਕਾਰਗੁਜ਼ਾਰੀ : ਇਸ ਸਾਲ ਸਰਕਾਰੀ ਸਕੂਲਾਂ ਦੇ ਕਰੀਬ 10 ਹਜ਼ਾਰ ਵਿਦਿਆਰਥੀ ਅਜਿਹੇ ਸਨ ਜੋ ਦਸਵੀਂ ਜਮਾਤ ਵਿਚੋਂ 80 ਫ਼ੀਸਦੀ ਅੰਕ ਲੈ ਕੇ ਇਨ੍ਹਾਂ ਸਕੂਲਾਂ 'ਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਦੇ ਸਕਦੇ ਹਨ ਪਰ ਫਿਰ ਵੀ ਜੂਨ ਮਹੀਨੇ ਲਈ ਗਈ ਪਹਿਲੀ ਪ੍ਰਵੇਸ਼ ਪ੍ਰੀਖਿਆ ਦੌਰਾਨ 4100 ਸੀਟਾਂ ਲਈ 4919 ਵਿਦਿਆਰਥੀਆਂ ਨੇ ਹੀ ਪ੍ਰੀਖਿਆ 'ਚ ਭਾਗ ਲਿਆ, ਜਿਨ੍ਹਾਂ ਵਿਚੋਂ 2261 ਵਿਦਿਆਰਥੀ ਸਕੂਲਾਂ 'ਚ ਦਾਖ਼ਲੇ ਲਈ ਲੋੜੀਂਦੇ 50 ਫ਼ੀਸਦੀ ਅੰਕ ਨਹੀਂ ਲੈ ਸਕੇ ਅਤੇ 9 ਸਕੂਲਾਂ 'ਚ ਸਿਰਫ਼ 2658 ਸੀਟਾਂ ਹੀ ਭਰ ਸਕੀਆਂ। ਇਸ ਕਾਰਨ ਬਾਕੀ ਰਹਿੰਦੀਆਂ ਸੀਟਾਂ ਭਰਨ ਲਈ ਸਰਕਾਰ ਨੇ 2 ਅਗਸਤ ਨੂੰ ਦੂਸਰੀ ਵਾਰ ਪ੍ਰਵੇਸ਼ ਪ੍ਰੀਖਿਆ ਲਈ, ਜਿਸ ਤਹਿਤ 1442 ਸੀਟਾਂ ਲਈ 1479 ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਦਿੱਤੀ ਪਰ ਇਸ ਪ੍ਰੀਖਿਆ 'ਚੋਂ ਵੀ ਸਿਰਫ਼ 488 ਵਿਦਿਆਰਥੀ ਲੋੜੀਂਦੇ ਅੰਕ ਲੈ ਸਕੇ ਹਨ, ਜਦੋਂ ਕਿ 991 ਵਿਦਿਆਰਥੀ ਫ਼ੇਲ ਹੋ ਗਏ। ਇਸ ਤਰ੍ਹਾਂ ਸਰਕਾਰ ਵੱਲੋਂ ਦੋ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਸ ਸਾਲ ਇਨ੍ਹਾਂ ਸਕੂਲਾਂ ਦੀਆਂ ਕਰੀਬ 950 ਸੀਟਾਂ ਖ਼ਾਲੀ ਹੀ ਰਹਿ ਜਾਣਗੀਆਂ।
ਕਈ ਸਵਾਲ ਪੈਦਾ ਕਰਦੀ ਹੈ ਵਿਦਿਆਰਥੀਆਂ ਦੀ ਕਾਰਗੁਜ਼ਾਰੀ : ਪਿਛਲੇ ਸਾਲਾਂ 'ਚ ਵੀ ਇਨ੍ਹਾਂ ਸਕੂਲਾਂ ਦੀਆਂ ਸੀਟਾਂ ਖ਼ਾਲੀ ਰਹਿ ਜਾਂਦੀਆਂ ਰਹੀਆਂ ਹਨ ਅਤੇ ਇਸ ਸਾਲ ਇਹ ਗਿਣਤੀ 950 ਤੱਕ ਪਹੁੰਚ ਜਾਣ ਕਾਰਨ ਸਿੱਖਿਆ ਸ਼ਾਸਤਰੀ ਇਸ ਗੱਲ ਨੂੰ ਲੈ ਕੇ ਸਵਾਲ ਕਰ ਰਹੇ ਹਨ ਕਿ ਦਸਵੀਂ ਦੀ ਪ੍ਰੀਖਿਆ 'ਚੋਂ 80 ਫ਼ੀਸਦੀ ਤੋਂ ਵੀ ਜ਼ਿਆਦਾ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਜਦੋਂ ਉਨ੍ਹਾਂ ਦੀ ਜਮਾਤ ਦੇ ਸਿਲੇਬਸ ਵਿਚੋਂ ਹੀ ਦੁਬਾਰਾ ਸਾਇੰਸ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ 50 ਫ਼ੀਸਦੀ ਅੰਕ ਲੈਣ 'ਚ ਵੀ ਸਮਰੱਥ ਨਹੀਂ ਹਨ। ਬੁੱਧੀਜੀਵੀ ਵਰਗ ਦਾ ਮੰਨਣਾ ਹੈ ਕਿ ਅਜੇ ਵੀ ਬਹੁਤ ਸਾਰੇ ਸਕੂਲਾਂ ਅੰਦਰ ਨਕਲ ਦਾ ਰੁਝਾਨ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਿਆ, ਜਿਸ ਦੀ ਪ੍ਰਤੱਖ ਮਿਸਾਲ ਅਜਿਹੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੋਂ ਮਿਲਦੀ ਹੈ।
ਸਾਬਕਾ ਸਰਕਾਰ ਦੇ ਕਾਰਜਕਾਲ 'ਚ ਦਰਜ ਝੂਠੇ ਕੇਸਾਂ ਬਾਰੇ ਗਿੱਲ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ
NEXT STORY