ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀਆਂ ਸਟੇਟ ਪੱਧਰੀ ਚਾਰ ਟੀਮਾਂ ਵਲੋਂ ਅੱਜ ਪਾਵਰਕਾਮ ਦੇ ਉੱਪ ਮੰਡਲ ਦਫ਼ਤਰ ਬਿਲਾਸਪੁਰ ਦੇ ਅਧੀਨ ਵੱਖ-ਵੱਖ ਪਿੰਡਾਂ 'ਚ ਬਿਜਲੀ ਚੋਰੀ ਰੋਕਣ ਲਈ ਛਾਪੇਮਾਰੀ ਕੀਤੀ ਗਈ। ਸਟੇਟ ਪੱਧਰ 'ਤੇ ਪਟਿਆਲਾ, ਕਪੂਰਥਲਾ ਤੇ ਲੁਧਿਆਣਾ ਤੋਂ ਦੋ ਟੀਮਾਂ ਨੇ ਬਿਲਾਸਪੁਰ ਡਵੀਜ਼ਨ ਦੇ ਐੱਸ. ਡੀ. ਓ. ਨੂੰ ਨਾਲ ਲੈ ਕੇ ਰਾਮਾਂ ਤਖਤੂਪੁਰਾ, ਬਿਲਾਸਪੁਰ, ਹਿੰਮਤਪੁਰਾ ਆਦਿ ਪਿੰਡਾਂ 'ਚ ਮੂਵੀ ਕੈਮਰੇ ਤੇ ਪੁਲਸ ਫੋਰਸ ਨੂੰ ਨਾਲ ਲੈ ਕੇ ਘਰਾਂ 'ਚ ਬਿਜਲੀ ਚੋਰੀ ਫੜਨ ਲਈ ਛਾਪੇਮਾਰੀ ਕੀਤੀ।
ਇਸ ਦੌਰਾਨ ਪਿੰਡਾਂ 'ਚੋਂ ਚੋਰੀ ਦੇ ਦਸ ਕੇਸ ਫੜੇ ਗਏ, ਜਿਨ੍ਹਾਂ 'ਚੋਂ ਟੀਮਾਂ ਨੇ 370,000, 3,41000 ਰੁਪਏ ਦੀ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨੇ ਪਾਏ, ਜਿਸ ਦੀ ਕੁੱਲ ਰਾਸ਼ੀ ਸੱਤ ਲੱਖ ਗਿਆਰਾਂ ਹਜ਼ਾਰ ਰੁਪਏ ਬਣਦੀ ਹੈ। ਉਕਤ ਟੀਮਾਂ ਵੱਲੋਂ ਜਦ ਪਿੰਡ ਹਿੰਮਤਪੁਰਾ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਪਿੰਡ ਦੇ ਕੁਝ ਲੋਕਾਂ ਨੇ ਟੀਮਾਂ ਨੂੰ ਘੇਰ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟੀਮਾਂ ਨੂੰ ਘੇਰਨ ਵਾਲੇ ਲੋਕਾਂ ਨੇ ਬਿਜਲੀ ਅਧਿਕਾਰੀਆਂ ਦੇ ਮੋਬਾਇਲ ਫੋਨ ਖੋਹ ਲਏ, ਜ਼ਰੂਰੀ ਕਾਗਜ਼ ਪਾੜ ਦਿੱਤੇ ਤੇ ਬਿਜਲੀ ਚੋਰੀ ਦੀਆਂ ਅਧਿਕਾਰੀਆਂ ਵੱਲੋਂ ਬਣਾਈਆਂ ਗਈਆਂ ਮੂਵੀਆਂ ਨੂੰ ਵੀ ਡਲੀਟ ਕਰ ਦਿੱਤਾ। ਜਿਸ ਦੌਰਾਨ ਅਧਿਕਾਰੀਆਂ ਤੇ ਵਿਰੋਧ ਕਰਨ ਵਾਲੇ ਲੋਕਾਂ ਵਿਚ ਤਿੱਖੀ ਤਕਰਾਰਬਾਜ਼ੀ ਹੋਈ। ਮਾਹੌਲ ਵਿਗੜਦਾ ਵੇਖ ਕੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਿੱਤੀ। ਜਿਸ 'ਤੇ ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਤੇ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪੁੱਜੇ ਤੇ ਟੀਮਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਚੁੰਗਲ 'ਚੋਂ ਛੁਡਵਾਇਆ। ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਿਜਲੀ ਅਧਿਕਾਰੀਆਂ ਦੀ ਡਿਊਟੀ ਦੌਰਾਨ ਵਿਘਨ ਪਾਉਣ ਵਾਲੇ ਲੋਕਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਕੇਂਦਰ ਵਲੋਂ ਸਾਜ਼ਿਸ਼ ਤਹਿਤ ਚੰਡੀਗੜ੍ਹ ਪ੍ਰਸ਼ਾਸਨ 'ਚੋਂ ਪੰਜਾਬ ਦਾ ਕੀਤਾ ਜਾ ਰਿਹੈ ਸਫਾਇਆ : ਹਰਪਾਲ ਚੀਮਾ
NEXT STORY