ਪਟਿਆਲਾ (ਰਾਜੇਸ਼)-ਪੰਜਾਬ ਦੀ ਸੱਤਾ ਤਬਦੀਲੀ ਤੋਂ ਬਾਅਦ ਜਿਥੇ ਬਾਦਲਾਂ ਦੇ ਚਹੇਤੇ ਗਮਾਡਾ ਦੇ ਨਿਗਰਾਨ ਇੰਜੀਨੀਅਰ (ਐੱਸ. ਈ.) ਸੁਰਿੰਦਰਪਾਲ ਸਿੰਘ ਪਹਿਲਵਾਨ 'ਤੇ ਵਿਜੀਲੈਂਸ ਨੇ ਪਰਚਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ, ਉਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵਿਚ ਸਾਬਕਾ ਸੀ. ਐੱਮ. ਡੀ. ਇੰਜੀ. ਕੇ. ਡੀ. ਚੌਧਰੀ ਦੇ ਚਹੇਤੇ ਇੰਜੀਨੀਅਰ-ਇਨ-ਚੀਫ ਜਗਵੀਰ ਗੋਇਲ ਦੀ ਛੁੱਟੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਪਾਵਰ ਨਿਗਮ ਦੇ ਮੌਜੂਦਾ ਸੀ. ਐੱਮ. ਡੀ. ਵੇਨੂ ਪ੍ਰਸਾਦ ਨੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਬਾਦਲਾਂ ਦੇ ਅੱਖਾਂ ਦੇ ਤਾਰੇ ਇੰਜੀ. ਕੇ. ਡੀ. ਚੌਧਰੀ ਸਨ। ਕੇ. ਡੀ. ਚੌਧਰੀ ਦੀਆਂ ਅੱਖਾਂ ਦਾ ਤਾਰਾ ਇੰਜੀਨੀਅਰ-ਇਨ-ਚੀਫ ਜਗਵੀਰ ਗੋਇਲ ਸੀ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਇੰਜੀ. ਗੋਇਲ ਨੂੰ 2 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਸੀ। ਐਕਸਟੈਂਸ਼ਨ ਦੇਣ ਲਈ ਇਕ ਫਰਜ਼ੀ ਸਰਟੀਫਿਕੇਟ ਤਿਆਰ ਕੀਤਾ ਗਿਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਜਗਵੀਰ ਗੋਇਲ 60 ਫੀਸਦੀ ਅੰਗਹੀਣ ਹੈ। ਉਸ ਨੂੰ ਸੁਣਾਈ ਨਹੀਂ ਦਿੰਦਾ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਨੂੰ 2 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਇਹ ਐਕਸਟੈਂਸ਼ਨ ਲੈਣ ਲਈ ਜੋ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ, ਉਹ ਸਹੀ ਨਹੀਂ ਪਾਇਆ ਗਿਆ। ਸਿਵਲ ਸਰਜਨ ਤੋਂ ਸਰਟੀਫਿਕੇਟ ਲੈ ਕੇ ਤੁਰੰਤ-ਫੁਰੰਤ ਵਿਚ ਐਕਸਟੈਂਸ਼ਨ ਦੇ ਦਿੱਤੀ ਗਈ ਸੀ। ਇੰਜੀ. ਗੋਇਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਤੂਬਰ ਵਿਚ ਰਿਟਾਇਰ ਹੋ ਗਏ ਸਨ। ਇਸੇ ਦੌਰਾਨ 28 ਅਕਤੂਬਰ 2016 ਨੂੰ ਐਕਸਟੈਂਸ਼ਨ ਦੇ ਕੇ ਉਨ੍ਹਾਂ ਨੂੰ ਫਿਰ ਤੋਂ ਇੰਜੀਨੀਅਰ-ਇਨ-ਚੀਫ ਨਿਯੁਕਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੰਜੀਨੀਅਰ-ਇਨ-ਚੀਫ ਬਣਨ ਦੀ ਆਸ ਲਾਈ ਬੈਠੇ ਉਨ੍ਹਾਂ ਦੇ ਜੁਨੀਅਰ ਅਫਸਰਾਂ ਨੇ ਸ਼ਿਕਾਇਤ ਕਰ ਦਿੱਤੀ ਸੀ।
ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕੈਪਟਨ ਸਰਕਾਰ ਨੇ ਇੰਜੀ. ਗੋਇਲ ਦੀ ਛੁੱਟੀ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਬਾਦਲ ਸਰਕਾਰ ਸਮੇਂ ਪਾਵਰ ਨਿਗਮ ਦੀ ਮੈਨੇਜਮੈਂਟ 'ਤੇ ਕਾਬਜ਼ ਅਫਸਰਾਂ ਨੂੰ ਉਮੀਦ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਬਾਦਲ ਸਰਕਾਰ ਬਣੇਗੀ। ਇਹੀ ਕਾਰਨ ਸੀ ਕਿ ਉਸ ਸਮੇਂ ਦੇ ਸੀ. ਐੱਮ. ਡੀ. ਨੇ ਆਪਣੇ ਚਹੇਤੇ ਇੰਜੀਨੀਅਰ ਜਗਵੀਰ ਗੋਇਲ ਨੂੰ ਹਰ ਹੀਲਾ ਵਰਤ ਕੇ ਐਕਸਟੈਂਸ਼ਨ ਦੇ ਦਿੱਤੀ। ਪੀ. ਐੱਸ. ਪੀ. ਸੀ. ਐੱਲ. ਵਿਚ ਇੰਜੀਨੀਅਰ-ਇਨ-ਚੀਫ (ਸਿਵਲ) ਦੀ ਸਿਰਫ ਇਕ ਹੀ ਪੋਸਟ ਹੈ, ਜੋ ਕਿ ਸਮੁੱਚੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਦਾ ਹੈ। ਬੋਰਡ ਦੇ ਜਿੰਨੇ ਵੀ ਪ੍ਰਾਜੈਕਟ ਹੁੰਦੇ ਹਨ, ਉਨ੍ਹਾਂ ਦਾ ਨਿਰਮਾਣ ਇੰਜੀਨੀਅਰ-ਇਨ-ਚੀਫ (ਸਿਵਲ) ਦੀ ਨਿਗਰਾਨੀ ਹੇਠ ਹੁੰਦਾ ਹੈ।
ਸੂਤਰਾਂ ਅਨੁਸਾਰ ਪੀ. ਐੱਸ. ਪੀ. ਸੀ. ਐੱਲ. ਵਿਚ 250 ਕਰੋੜ ਰੁਪਏ ਦਾ ਪ੍ਰਾਜੈਕਟ ਆਉਣਾ ਸੀ। ਅਫਸਰਾਂ ਨੂੰ ਉਮੀਦ ਸੀ ਕਿ ਮੁੜ ਤੋਂ ਬਾਦਲ ਸਰਕਾਰ ਆ ਗਈ ਤਾਂ ਇਹ ਪ੍ਰਾਜੈਕਟ ਉਸ ਸਮੇਂ ਦੇ ਸੀ. ਐੱਮ. ਡੀ. ਦੇ ਚਹੇਤੇ ਇੰਜੀਨੀਅਰ ਜਗਵੀਰ ਗੋਇਲ ਦੀ ਨਿਗਰਾਨੀ ਹੇਠ ਹੋਵੇਗਾ ਪਰ ਅਕਾਲੀ ਸਰਕਾਰ ਦਾ ਭੋਗ ਪੈ ਗਿਆ। ਹੁਣ ਨਵੀਂ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਦਿੱਤੀ ਗਈ ਐਕਸਟੈਂਸ਼ਨ ਰੱਦ ਕਰਦੇ ਹੋਏ ਇੰਜੀ. ਗੋਇਲ ਨੂੰ ਘਰ ਤੋਰ ਦਿੱਤਾ ਹੈ।
ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਪ੍ਰਾਜੈਕਟਾਂ ਨੂੰ ਰੱਦ ਕਰਨਾ ਮੰਦਭਾਗਾ : ਚੰਦੂਮਾਜਰਾ
NEXT STORY