ਘੱਲ ਖੁਰਦ, (ਦਲਜੀਤ)– ਪੰਜਾਬ ’ਚ ਫੈਲਿਆ ਬੇਰੋਜ਼ਗਾਰੀ ਦਾ ਜਾਲ ਜਿਥੇ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਜਾਣ ਲਈ ਮਜਬੂਰ ਕਰ ਰਿਹਾ ਹੈ ਉੱਥੇ ਹੀ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾ ਕੇ ਖੁਦਕੁਸ਼ੀ ਕਰਨ ਦੇ ਰਸਤੇ ’ਤੇ ਵੀ ਤੋਰ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਉਦੋ ਦੇਖਣ ਨੂੰ ਮਿਲੀ ਜਦੋਂ ਘਰ ਦੀ ਗਰੀਬੀ ਦੇ ਕਾਰਣ ਅਤੇ ਵਾਰ-ਵਾਰ ਫੌਜ ’ਚ ਭਰਤੀ ਹੋਣ ਤੋਂ ਅਸਫਲ ਰਹਿ ਜਾਣ ਦੇ ਕਾਰਣ ਪਿੰਡ ਘੱਲ ਖੁਰਦ ਦੇ 21 ਸਾਲਾ ਨੌਜਵਾਨ ਬੰਟੀ ਪੁੱਤਰ ਬਲਦੇਵ ਸਿੰਘ ਵੱਲੋਂ ਬੀਤੀ ਰਾਤ ਸਰਹੰਦ ਫੀਡਰ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਕੱਤਰ ਜਾਣਕਾਰੀ ਅਨੁਸਾਰ ਬੰਟੀ 10+2 ਪਾਸ ਸੀ ਅਤੇ ਪਰਿਵਾਰ ਦੇ ਵਿਚ ਇਕ ਭੈਣ ਅਤੇ ਭਰਾ ਸੀ। ਘਰ ’ਚ ਗਰੀਬੀ ਦੇ ਕਾਰਣ ਪੜ੍ਹ-ਲਿਖ ਕੇ ਫੌਜ ’ਚ ਭਰਤੀ ਹੋਣ ਦਾ ਸ਼ੌਕ ਰੱਖਦਾ ਸੀ, ਜਿਸ ਦੇ ਚੱਲਦਿਆਂ ਉਸ ਨੇ ਫੌਜ ਦੀਆਂ ਕਈ ਭਰਤੀਆਂ ਵੀ ਦੇਖੀਆਂ ਜਿਨਾਂ ’ਚ ਅਸਫਲ ਰਹਿਣ ਦੇ ਕਾਰਣ ਘਰ ’ਚ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਸਥਾਨ ’ਤੇ ਇਕੱਤਰ ਲੋਕਾਂ ਅਨੁਸਾਰ ਲੰਘੀ ਰਾਤ ਬੰਟੀ ਨੇ ਆਪਣੇ ਦੋਸਤ ਨਾਲ ਬੱਸ ਅੱਡਾ ਨਹਿਰਾਂ ਘੱਲ ਖੁਰਦ ਸਥਿਤ ਠੇਕੇ ਤੋਂ ਸ਼ਰਾਬ ਲਈ।
ਜ਼ਿਕਰਯੋਗ ਹੈ ਕਿ ਬੰਟੀ ਨੇ ਇਸ ਤੋਂ ਪਹਿਲਾਂ ਕਦੇ ਕੋਈ ਨਸ਼ਾ ਨਹੀਂ ਕੀਤਾ ਸੀ ਪਰ ਪ੍ਰੇਸ਼ਾਨੀ ਕਾਰਣ ਆਪਣੇ ਦੋਸਤ ਦੇ ਨਾਲ ਨਹਿਰਾਂ ਦੀ ਵਿਚਕਾਰਲੀ ਪਟੜੀ ’ਤੇ ਬਣੇ ਥੜ੍ਹੇ ’ਤੇ ਬੈਠ ਕੇ ਖਾਣਾ ਖਾਦਾ ਅਤੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਘਰ ਨੂੰ ਤੁਰਨ ਲੱਗੇ ਤਾਂ ਥੋੜ੍ਹੀ ਦੂਰ ਜਾਣ ’ਤੇ ਬੰਟੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੇਰਾ ਮੋਬਾਇਲ ਫੋਨ ਉੱਥੇ ਰਹਿ ਗਿਆ ਅਤੇ ਮੈਂ ਚੁੱਕ ਲਿਆਵਾ। ਦੋਸਤ ਵੱਲੋਂ ਮੋਟਰਸਾਈਕਲ ਰੋਕਦਿਆਂ ਹੀ ਬੰਟੀ ਨੇ ਭੱਜ ਕੇ ਨਹਿਰ ’ਚ ਛਾਲ ਮਾਰ ਦਿੱਤੀ, ਜਦ ਤੱਕ ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਓਦੋਂ ਤਕ ਬੰਟੀ ਦੇਖਦਿਆਂ ਹੀ ਦੇਖਦਿਆਂ ਨਹਿਰ ਦੇ ਪਾਣੀ ’ਚ ਡੁੱਬ ਗਿਆ। ਬੰਟੀ ਦੀ ਇਸ ਘਟਨਾ ਨੂੰ ਲੈ ਕੇ ਘੱਲ ਖੁਰਦ ਦੇ ਸਮੁੱਚੇ ਨਗਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪੀ. ਏ. ਯੂ. ਫਸਲੀ ਰਹਿੰਦ-ਖੂੰਹਦ ਤੋਂ ਬਣਾਏਗੀ ਜੈਵਿਕ ਊਰਜਾ
NEXT STORY