ਚੰਡੀਗੜ੍ਹ(ਹਰੀਸ਼)- ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਮੰਤਰੀ ਸਹੁੰ ਚੁੱਕਣ ਤੋਂ 36 ਘੰਟਿਆਂ ਬਾਅਦ ਵੀ ਬਿਨਾਂ ਵਿਭਾਗ ਦੇ ਹੀ ਮੰਤਰੀ ਹਨ ਜਦਕਿ ਇਸ ਵਿਚ ਇੱਕ ਕੈਬਨਿਟ ਬੈਠਕ ਵਿਚ ਸਾਰੇ ਮੰਤਰੀ ਹਿੱਸਾ ਲੈ ਚੁੱਕੇ ਹਨ। ਉਂਝ ਐਤਵਾਰ 26 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੀ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਵੀ ਵਿਭਾਗਾਂ ਦੀ ਵੰਡ ਹੁਣ ਤੱਕ ਨਹੀਂ ਹੋਈ ਹੈ।
ਕੁਲ ਮਿਲਾ ਕੇ ਸਥਿਤੀ ਇਹ ਹੈ ਕਿ ਨਵੇਂ ਮੰਤਰੀਆਂ ਨੂੰ ਝੰਡੀ ਵਾਲੀ ਕਾਰ ਅਤੇ ਸਿਕਿਓਰਿਟੀ ਐਤਵਾਰ ਨੂੰ ਹੀ ਮਿਲ ਗਈ ਸੀ, ਸੋਮਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਵਿਚ ਦਫਤਰ ਅਲਾਟ ਕਰਨ ਦੇ ਨਾਲ ਹੀ ਸਹਿ ਸਟਾਫ ਵੀ ਮਿਲ ਗਿਆ ਪਰ ਹਾਲੇ ਵੀ ਮੰਤਰੀ ਆਪਣੇ ਵਿਭਾਗਾਂ ਨੂੰ ਲੈ ਕੇ ਦੁਚਿੱਤੀ ਵਿਚ ਉਲਝੇ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਖਾਕਾ ਤਿਆਰ ਕਰਨ ਦੇ ਹੁਕਮ
ਪੰਜਾਬ ਸਰਕਾਰ ਅਤੇ ਕਾਂਗਰਸ ਵਿਚ ਕਈ ਗੁਟ ਬਣਨ ਕਾਰਣ ਇਹ ਅਜੀਬੋ-ਗਰੀਬ ਸਥਿਤੀ ਬਣੀ ਹੈ। ਮੁੱਖ ਮੰਤਰੀ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਹੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਗੁਟ ਨੂੰ ਮਜ਼ਬੂਤ ਕਰਨ ਵਿਚ ਲੱਗੇ ਹਨ ਅਤੇ ਨਵੇਂ ਮੰਤਰੀਆਂ ਵਿਚ ਆਪਣੇ-ਆਪਣੇ ਸਮਰਥਕਾਂ ਨੂੰ ਵਧੀਆ ਮਹਿਕਮਿਆਂ ਦਾ ਜ਼ਿੰਮਾ ਦਿਵਾਉਣ ਨੂੰ ਲੈ ਕੇ ਤਿੰਨਾਂ ਵਿਚ ਖਿੱਚੋਤਾਣ ਰੁੱਕ ਨਹੀਂ ਰਹੀ।
ਵਿਭਾਗਾਂ ਨੂੰ ਲੈ ਕੇ ਅੰਦਰ ਖਾਤੇ ਕਾਫ਼ੀ ਜੱਦੋਜਹਿਦ
ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਦੇ ਵਿਭਾਗਾਂ ਨੂੰ ਲੈ ਕੇ ਅੰਦਰ ਖਾਤੇ ਕਾਫ਼ੀ ਜੱਦੋ-ਜਹਿਦ ਚੱਲ ਰਹੀ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਦੇ ਜੋ ਮੰਤਰੀ ਚੰਨੀ ਨੇ ਆਪਣੀ ਕੈਬਨਿਟ ਵਿਚ ਸ਼ਾਮਿਲ ਕੀਤੇ ਹਨ, ਉਹ ਵਿਭਾਗ ਨਹੀਂ ਛੱਡਣਾ ਚਾਹੁੰਦੇ। ਰੱਸਾਕਸ਼ੀ ਇਨ੍ਹਾਂ ਦੇ ਹੀ ਵਿਭਾਗਾਂ ਨੂੰ ਲੈ ਕੇ ਜ਼ਿਆਦਾ ਹੈ। ਦੂਜੇ ਪਾਸੇ ਨਵੇਂ ਮੰਤਰੀ ਵੀ ਆਪਣੇ-ਆਪਣੇ ਆਕਾਵਾਂ ਦੇ ਜ਼ਰੀਏ ਵਦੀਆ ਮਹਿਕਮੇ ਨੂੰ ਲੈ ਕੇ ਮਜ਼ਬੂਤ ਯਤਨ ਕਰਨ ਵਿਚ ਭੁਲ ਨਹੀਂ ਕਰ ਰਹੇ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਵਿਭਾਗ ਨੂੰ ਲੈ ਕੇ ਫਸੇ ਹੋਏ ਹਨ, ਜਦਕਿ ਸਿੱਧੂ ਉਨ੍ਹਾਂ ਨੂੰ ਇਹ ਬੇਹੱਦ ਅਹਿਮ ਵਿਭਾਗ ਦੇਣ ਵਿਚ ਅੜਿੱਕਾ ਪਾ ਰਹੇ ਹਨ। ਇਸਤੋਂ ਇਲਾਵਾ ਸਿੱਧੂ ਆਪਣੇ ਖਾਸਮ-ਖਾਸ ਪਰਗਟ ਸਿੰਘ ਨੂੰ ਵਿਜੀਲੈਂਸ ਵਿਭਾਗ ਦੇਣ ਲਈ ਦਬਾਅ ਬਣਾ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਿਚ ਆਨਾਕਾਨੀ ਕਰ ਰਹੇ ਹਨ ।
ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਦੇ ਤੇਵਰ ਚਾਹੇ ਬਦਲ ਗਏ ਹਨ ਪਰ ਨਾਲ ਹੀ ਉਹ ਆਮ ਆਦਮੀ ਨਾਲ ਜੁੜੇ ਹੋਣ ਦੀ ਆਪਣੇ ਅਕਸ ਨੂੰ ਵੀ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਹਨ। ਸਿੱਧੂ ਵਲੋਂ ਬੀਤੇ ਦਿਨੀਂ ਕੁਝ ਮੌਕਿਆਂ ’ਤੇ ਉਨ੍ਹਾਂ ਦਾ ਹੱਥ ਫੜ ਕੇ ਚੱਲਣ ਅਤੇ ਪਿੱਠ ਥਪਥਪਾਉਣ ਤੋਂ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਿੱਧੂ ਉਨ੍ਹਾਂ ਤੋਂ ਸੀਨੀਅਰ ਹਨ ਪਰ ਚੰਨੀ ਸਮਾਂ ਰਹਿੰਦੇ ਇਸ ਸੰਦੇਸ਼ ਨੂੰ ਸਮਝ ਗਏ ਅਤੇ ਹੁਣ ਆਜ਼ਾਦ ਤੌਰ ’ਤੇ ਕੰਮ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵਿਚ ਹਨ।
ਇਹ ਵੀ ਪੜ੍ਹੋ- ਬਲਬੀਰ ਸਿੱਧੂ ਦਾਅਵਾ ਕਰੇ ਕਿ ‘ਉਸ ਨੇ ਗ਼ੈਰ-ਕਾਨੂੰਨੀ ਜਾਇਦਾਦ ਨਹੀਂ ਬਣਾਈ’ : ਬੀਰ ਦਵਿੰਦਰ
ਕਰੀਬੀ ਮੰਤਰੀਆਂ ਲਈ ਵਧੀਆ ਜ਼ਿੰਮੇਵਾਰੀ ਚਾਹੁੰਦੇ ਹਨ ਸਿੱਧੂ
ਮੰਤਰੀਆਂ ਦੇ ਵਿਭਾਗਾਂ ਦੇ ਐਲਾਨ ਵਿਚ ਹੋ ਰਹੀ ਇਸ ਦੇਰੀ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚੰਨੀ ਬਤੌਰ ਮੁੱਖ ਮੰਤਰੀ ਆਪਣੀ ਟੀਮ ਦੀ ਚੋਣ ਅਤੇ ਉਨ੍ਹਾਂ ਦੇ ਕੰਮ ਦੇ ਬਟਵਾਰੇ ਵਿਚ ਆਪਣੀ ਮਰਜ਼ੀ ਚਾਹੁੰਦੇ ਹਨ ਪਰ ਸਿੱਧੂ ਅਤੇ ਟੀਮ ਵਿਚ ਸ਼ਾਮਿਲ ਸੀਨੀਅਰ ਮੈਂਬਰ ਆਪਣਾ ਦਾਅਵਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਸਿੱਧੂ ਚਾਹੇ ਮੌਜ਼ੂਦਾ ਸਰਕਾਰ ਦਾ ਹਿੱਸਾ ਨਹੀਂ ਹਨ, ਪਰ ਆਪਣੇ ਕਰੀਬੀ ਮੰਤਰੀਆਂ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ ਅਤੇ ਪਰਗਟ ਸਿੰਘ ਆਦਿ ਲਈ ਵਧੀਆ ਮਹਿਕਮਿਆਂ ਦੀ ਜ਼ਿੰਮੇਵਾਰੀ ਚਾਹੁੰਦੇ ਹਨ।
ਹੁਣ ਮੰਤਰੀਆਂ ਨੂੰ ਵਿਭਾਗਾਂ ਦੀ ਅਲਾਟਮੈਂਟ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਕਿਸ ਗੁਟ ਨੂੰ ਤਵੱਜੋ ਮਿਲੀ ਅਤੇ ਕਿਹੜਾ ਧੜਾ ਬਾਜ਼ੀ ਹਾਰ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਰੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਹੋ ਜਾਵੇਗੀ।
ਬਲਬੀਰ ਸਿੱਧੂ ਦਾਅਵਾ ਕਰੇ ਕਿ ‘ਉਸ ਨੇ ਗ਼ੈਰ-ਕਾਨੂੰਨੀ ਜਾਇਦਾਦ ਨਹੀਂ ਬਣਾਈ’ : ਬੀਰ ਦਵਿੰਦਰ
NEXT STORY