ਫ਼ਰੀਦਕੋਟ (ਚਾਵਲਾ)- ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ 'ਤੇ ਪੁਲਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਅਤੇ ਅੱਤਿਆਚਾਰ ਦੇ ਵਿਰੋਧ ਵਿਚ ਸਫ਼ਾਈ ਸੇਵਕ ਯੂਨੀਅਨ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਫ਼ਰੀਦਕੋਟ ਵਿਚ ਭਰਵਾਂ ਸਮਰਥਨ ਮਿਲਿਆ ਅਤੇ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਮੂਹਰੇ ਹੜਤਾਲ ਪ੍ਰਦਰਸ਼ਨ ਧਰਨਾ ਜਾਰੀ ਰਿਹਾ, ਜੋ ਅੱਜ 24ਵੇਂ ਦਿਨ ਦਾਖ਼ਲ ਹੋ ਗਿਆ ਹੈ।

ਸਫ਼ਾਈ ਸੇਵਕ ਯੂਨੀਅਨ ਵੱਲੋਂ ਦੁਪਹਿਰ 2:00 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਸਥਾਨਕ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਪੂਰਨ ਸਹਿਯੋਗ ਦਿੰਦਿਆਂ ਆਪਣੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਪੂਰੀ ਤਰ੍ਹਾਂ ਬੰਦ ਰੱਖੇ। ਸਬਜ਼ੀ ਮੰਡੀ ਦੀ ਬੋਲੀ ਰੱਦ, ਸਿੱਖਿਅਕ ਅਦਾਰੇ ਤੇ ਠੇਕੇ ਰਹੇ ਖੁੱਲ੍ਹੇ ਬੰਦ ਦਾ ਅਸਰ ਸਵੇਰ ਤੋਂ ਹੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਿਆ। ਬੰਦ ਦੇ ਸਮਰਥਨ ਵਿੱਚ ਸਵੇਰੇ ਸਬਜ਼ੀ ਮੰਡੀਆਂ ਵਿੱਚ ਕੰਮਕਾਜ ਠੱਪ ਰਿਹਾ ਅਤੇ ਸਬਜ਼ੀਆਂ ਦੀ ਬੋਲੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਬਸਤੀਆਂ ਦੇ ਦੁਕਾਨਦਾਰਾਂ, ਨਹਿਰੂ ਸ਼ਾਪਿੰਗ ਸੈਂਟਰ, ਮੇਨ ਬਜ਼ਾਰ, ਲਾਈਨ ਬਜ਼ਾਰ, ਸਰਾਫਾ ਬਾਜ਼ਾਰ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਹਜ਼ੂਰੀ ਬਜ਼ਾਰ, ਕਾਲਜ ਰੋਡ, ਸਰਕੂਲਰ ਰੋਡ, ਕੰਮੇਆਣਾ ਚੌਕ ਬਜ਼ਾਰ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਮਰਥਨ ਦਿੱਤਾ।
ਉੱਥੇ ਹੀ ਦੂਜੇ ਪਾਸੇ, ਸ਼ਹਿਰ ਵਿੱਚ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲ੍ਹੇ ਰਹੇ। ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸਫ਼ਾਈ ਕਰਮਚਾਰੀਆਂ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਬੰਦ ਰੱਖੀਆਂ। ਲੋਕਾਂ ਦੀਆਂ ਜ਼ਰੂਰੀ ਲੋੜਾਂ ਅਤੇ ਆਮ ਜਨਜੀਵਨ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਅਨ ਵੱਲੋਂ ਕੁੱਝ ਖੇਤਰਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ। ਮਰੀਜ਼ਾਂ ਦੀ ਸਹੂਲਤ ਲਈ ਮੈਡੀਕਲ ਸਟੋਰ, ਦਵਾਈਆਂ ਦੀਆਂ ਦੁਕਾਨਾਂ ਅਤੇ ਡਾਕਟਰੀ ਸਹਾਇਤਾ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਨਿਰੰਤਰ ਚੱਲਦੀਆਂ ਰਹੀਆਂ, ਜਿਸ ਨਾਲ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਪਰ ਸਫ਼ਾਈ ਸੇਵਕਾਂ ਵੱਲੋਂ ਹੜਤਾਲ ਦੇ ਸੱਦੇ ਕਾਰਨ ਬਾਜ਼ਾਰ ਬੰਦ ਹੋਣ ਕਰਕੇ ਦੁਰਾਡੇ ਤੋਂ ਖ੍ਰੀਦੋ ਫਰੋਖਤ ਕਰਨ ਆਏ ਲੋਕ ਪ੍ਰੇਸ਼ਾਨ ਹੋ ਰਹੇ ਸਨ। ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਬਰਨਾਲਾ ਘਟਨਾ ਦੇ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ ਅਤੇ ਆਪਣੀਆਂ ਜਾਇਜ਼ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਘੰਰਸ਼ ਹੋਰ ਤਿੱਖਾ ਕਰਾਂਗੇ।
ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਰੋਜ਼ ਤੋੜ ਰਹੀ ਦਮ: ਕੇਵਲ ਸਿੰਘ ਢਿੱਲੋਂ
NEXT STORY