ਫਰੀਦਕੋਟ (ਸੁਖਪਾਲ, ਪਵਨ)-ਗਰੀਬ ਅਤੇ ਲੋਡ਼ਵੰਦ ਲੋਕਾਂ ਨੂੰ ਸਸਤੇ ਭਾਅ ਕਣਕ ਤੇ ਦਾਲਾਂ ਮੁਹੱਈਆ ਕਰਵਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਨੀਲੇ ਕਾਰਡ ਬਣਾਏ ਸਨ ਅਤੇ ਇਨ੍ਹਾਂ ਨੀਲੇ ਕਾਰਡਾਂ ’ਤੇ ਹਰ ਮਹੀਨੇ ਲੋਡ਼ਵੰਦਾਂ ਨੂੰ 1 ਰੁਪਏ ਪ੍ਰਤੀ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲਾਂ ਦਿੱਤੀਆਂ ਜਾਂਦੀਆਂ ਸਨ। ਸ਼ੁਰੂ ’ਚ ਰਾਸ਼ਨ ਡਿਪੂਆਂ ਤੋਂ ਲੋਕਾਂ ਨੂੰ ਹਰ ਮਹੀਨੇ ਕਣਕ ਅਤੇ ਦਾਲਾਂ ਮਿਲਦੀਆਂ ਰਹੀਆਂ ਪਰ ਬਾਅਦ ’ਚ ਦਾਲਾਂ ਤਾਂ ਬਿਲਕੁਲ ਹੀ ਬੰਦ ਕਰ ਦਿੱਤੀਆਂ ਗਈਆਂ, ਜਦਕਿ ਕਣਕ ਦਾ ਰੇਟ 1 ਰੁਪਏ ਤੋਂ ਵਧਾ ਕੇ 2 ਰੁਪਏ ਕਿਲੋ ਕਰ ਦਿੱਤਾ ਗਿਆ। ਫਿਰ ਹਰ ਮਹੀਨੇ ਆਉਣ ਵਾਲੀ ਕਣਕ ਵੀ ਬੰਦ ਗਈ ਅਤੇ ਕਈ-ਕਈ ਮਹੀਨੇ ਗਰੀਬਾਂ ਦੇ ਘਰਾਂ ਤੱਕ ਇਹ ਕਣਕ ਨਹੀਂ ਅੱਪਡ਼ੀ। ਗਰੀਬਾਂ ਦੇ ਹੱਕਾਂ ਖਾਤਰ ਲਡ਼ਨ ਵਾਲੀਆਂ ਮਜ਼ਦੂਰ ਜਥੇਬੰਦੀਆਂ ਨੇ ਇਸ ਸਬੰਧੀ ਸੂਬੇ ’ਚ ਵੱਡੇ ਸੰਘਰਸ਼ ਛੇਡ਼ੇ ਤਾਂ ਫਿਰ ਕਿਤੇ ਜਾ ਕੇ ਇਕੱਲੀ ਕਣਕ ਦੀ ਸਪਲਾਈ ਹੀ ਬਹਾਲ ਕੀਤੀ ਗਈ, ਉਹ ਵੀ ਹਰ ਮਹੀਨੇ ਦੀ ਥਾਂ 6-6 ਮਹੀਨਿਆਂ ਬਾਅਦ ਵੰਡੀ ਜਾਂਦੀ ਹੈ, ਜਿਸ ਕਾਰਨ ਲੋੜਵੰਦ ਲੋਕ ਖੱਜਲ-ਖੁਆਰ ਹੋ ਰਹੇ ਹਨ। ਪਰਚੀਆਂ ਲੈਣ ਲਈ ਲੋਕ ਹੁੰਦੇ ਨੇ ਪ੍ਰੇਸ਼ਾਨ ਪਹਿਲਾਂ ਰਾਸ਼ਨ ਡਿਪੂਆਂ ’ਤੇ ਨੀਲੇ ਕਾਰਡਧਾਰਕਾਂ ਨੂੰ ਕਾਰਡ ਵੇਖ ਕੇ ਅਤੇ ਪਰਿਵਾਰ ਦੇ ਇਕ ਮੈਂਬਰ ਦੇ ਦਸਤਖਤ ਕਰਵਾ ਕੇ ਕਣਕ ਦੇ ਦਿੱਤੀ ਜਾਂਦੀ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਸਬੰਧਤ ਵਿਭਾਗ ਦੇ ਇੰਸਪੈਕਟਰ ਵੱਲੋਂ ਆ ਕੇ ਕਣਕ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਹਨ ਅਤੇ ਮਸ਼ੀਨ ਵਿਚ ਆਧਾਰ ਕਾਰਡ ਦਾ ਨੰਬਰ ਭਰ ਕੇ ਪਰਿਵਾਰ ਦੇ ਇਕ ਮੈਂਬਰ ਦਾ ਅੰਗੂਠਾ ਮਸ਼ੀਨ ’ਤੇ ਲਵਾਇਆ ਜਾਂਦਾ ਅਤੇ ਫਿਰ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ। ਇਕ ਪਰਚੀ ’ਤੇ ਹੀ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ। ਲੰਮਾ ਸਮਾਂ ਪਰਚੀ ਕਟਵਾਉਣ ਲਈ ਬੈਠਣਾ ਪੈਂਦਾ ਹੈ। ਇੰਸਪੈਕਟਰਾਂ ਦੀ ਉਡੀਕ ਕਰਨੀ ਪੈਂਦੀ ਹੈ। ਕਈਆਂ ਨੂੰ ਆਪਣੀ ਦਿਹਾਡ਼ੀ ਵੀ ਮਾਰਨੀ ਪੈਂਦੀ ਹੈ ਅਤੇ ਫਿਰ ਪਰਚੀਆਂ ਕਟਵਾ ਕੇ ਅਗਲੇ ਦਿਨ ਕਣਕ ਲੈਣ ਲਈ ਰਾਸ਼ਨ ਡਿਪੂਆਂ ’ਤੇ ਜਾ ਕੇ ਲੋਕਾਂ ਨੂੰ ਖਡ਼੍ਹਨਾ ਪੈਂਦਾ ਹੈ। ਪਰਚੀਆਂ ਕੱਟਣ ਵਾਲੀਆਂ ਮਸ਼ੀਨਾਂ ਹਨ ਘੱਟਜ਼ਿਕਰਯੋਗ ਹੈ ਕਿ ਸਬੰਧਤ ਵਿਭਾਗ ਕੋਲ ਪਰਚੀਆਂ ਕੱਟਣ ਵਾਲੀਆਂ ਮਸ਼ੀਨਾਂ ਬਹੁਤ ਘੱਟ ਹਨ ਅਤੇ ਇਨ੍ਹਾਂ ਮਸ਼ੀਨਾਂ ’ਚੋਂ ਵੀ ਕਈ ਮਸ਼ੀਨਾਂ ਖਰਾਬ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਭਾਗ ਦੇ ਇੰਸਪੈਕਟਰਾਂ ਕੋਲ ਲੋਡ਼ੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਅਤੇ ਖਰਾਬ ਹੋਈਆਂ ਮਸ਼ੀਨਾਂ ਨੂੰ ਠੀਕ ਕਰਵਾਇਆ ਜਾਵੇ। ਹਰੇਕ ਡਿਪੂ ਹੋਲਡਰ ਨੂੰ ਦਿੱਤੀ ਜਾਵੇ ਮਸ਼ੀਨ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਮੰਗ ਕੀਤੀ ਹੈ ਕਿ ਹਰੇਕ ਡਿਪੂ ਹੋਲਡਰ ਨੂੰ ਇਕ-ਇਕ ਮਸ਼ੀਨ ਪਰਚੀਆਂ ਕੱਟਣ ਲਈ ਦਿੱਤੀ ਜਾਵੇ ਅਤੇ ਉੱਥੇ ਹੀ ਪਰਚੀਆਂ ਕੱਟੀਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ ਤੇ ਸਮਾਂ ਵੀ ਖਰਾਬ ਨਾ ਹੋਵੇ। ਰਾਸ਼ਨ ਡਿਪੂ ਵਾਲੇ ਵੀ ਮਸ਼ੀਨਾਂ ਲੈਣ ਦੀ ਮੰਗ ਕਰ ਰਹੇ ਹਨ। ਕਣਕ ਤੇ ਦਾਲਾਂ ਹਰ ਮਹੀਨੇ ਲੋਡ਼ਵੰਦਾਂ ਨੂੰ ਮੁਹੱਈਆ ਕਰਵਾਈਆਂ ਜਾਣ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਤੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਮੰਗ ਕੀਤੀ ਹੈ ਕਿ ਸਰਕਾਰ ਗਰੀਬ ਲੋਕਾਂ ਨੂੰ ਰਾਸ਼ਨ ਡਿਪੂਆਂ ’ਤੇ ਹਰ ਮਹੀਨੇ ਕਣਕ ਤੇ ਦਾਲਾਂ ਲੋਡ਼ਵੰਦਾਂ ਨੂੰ ਮੁਹੱਈਆ ਕਰਵਾਏ ਅਤੇ ਕਣਕ ਭੇਜਣ ਲਈ 6-6 ਮਹੀਨਿਆਂ ਦਾ ਸਮਾਂ ਨਾ ਲੰਘਾਵੇ ਕਿਉਂਕਿ ਗਰੀਬ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਨੂੰ ਲਾਭ ਦੇਣ ਦੇ ਨਾਂ ’ਤੇ ਸਕੀਮਾਂ ਤਾਂ ਸ਼ੁਰੂ ਕਰ ਲੈਂਦੀ ਹੈ ਪਰ ਫਿਰ ਇਨ੍ਹਾਂ ਸਕੀਮਾਂ ਨੂੰ ਨੇਪਰੇ ਚਾਡ਼੍ਹਨ ਲਈ ਯੋਗ ਉਪਰਾਲਾ ਨਹੀਂ ਕਰਦੀ। ਇਸ ਕਰ ਕੇ ਕਈ ਸਕੀਮਾਂ ਦੀ ਅੱਧ ਵਾਟੇ ਹੀ ਫੂਕ ਨਿਕਲ ਜਾਂਦੀ ਹੈ ਤੇ ਜਿਨ੍ਹਾਂ ਲੋਕਾਂ ਤੱਕ ਲਾਭ ਪੁੱਜਣਾ ਚਾਹੀਦਾ ਹੈ, ਉਨ੍ਹਾਂ ਤੱਕ ਲਾਭ ਨਹੀਂ ਪੁੱਜਦਾ। ਅਨੇਕਾਂ ਲੋਕਾਂ ਦੇ ਨੀਲੇ ਕਾਰਡ ਹੋ ਗਏ ਨੇ ਬੰਦ ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਲੱਖਾਂ ਦੀ ਗਿਣਤੀ ’ਚ ਗਰੀਬ ਲੋਕਾਂ ਨੂੰ ਕਣਕ ਤੇ ਦਾਲ ਦੇਣ ਲਈ ਨੀਲੇ ਕਾਰਡ ਬਣਵਾਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਨੇਕਾਂ ਵਿਅਕਤੀਆਂ ਦੇ ਨਾਂ ਇਨ੍ਹਾਂ ਕਾਰਡਾਂ ’ਚੋਂ ਕੱਟ ਦਿੱਤੇ ਹਨ ਤੇ ਉਨ੍ਹਾਂ ਨੂੰ ਕਣਕ ਮਿਲਣੀ ਬੰਦ ਹੋ ਗਈ ਹੈ। ਹੁਣ ਪਤਾ ਲੱਗਾ ਹੈ ਕਿ ਇਸ ਵਾਰ ਫਿਰ ਇਨ੍ਹਾਂ ਕਾਰਡਾਂ ਵਾਲਿਆਂ ਦੀ ਛਾਂਟੀ ਕਰਵਾਈ ਜਾ ਰਹੀ ਹੈ ਅਤੇ ਪਡ਼ਤਾਲ ਕਰਨ ਦੇ ਨਾਂ ’ਤੇ ਹੋਰ ਗਰੀਬਾਂ ਦੇ ਨਾਂ ਕੱਟਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
ਪ੍ਰਮਾਤਮਾ ਕਦੇ ਮਰਦਾ ਨਹੀਂ, ਉਹ ਹਮੇਸ਼ਾ ਅਮਰ ਰਹਿੰਦੈ : ਸਾਧਵੀ ਪ੍ਰਿਅੰਕਾ
NEXT STORY