ਮੋਹਾਲੀ (ਨਿਆਮੀਆਂ) - ਮੋਹਾਲੀ ਸਮੇਤ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਬੀਤੇ ਦਿਨ ਤੋਂ ਪੈ ਰਹੀ ਹਲਕੀ ਤੇ ਦਰਮਿਆਨੀ ਬਰਸਾਤ ਕਿਸਾਨਾਂ ਲਈ ਆਫਤ ਬਣ ਕੇ ਆਈ ਹੈ। ਇਹ ਬਰਸਾਤ ਬੀਤੇ ਦਿਨ ਤੋਂ ਹੀ ਰੁਕ-ਰੁਕ ਕੇ ਪੈ ਰਹੀ ਹੈ। ਜ਼ਿਲੇ ਦੇ ਕਈ ਇਲਾਕਿਆਂ ਵਿਚ ਝੋਨੇ ਦੇ ਖੇਤਾਂ ਵਿਚੋਂ ਪਾਣੀ ਵਗ ਰਿਹਾ ਹੈ ਤੇ ਕਈ ਥਾਵਾਂ 'ਤੇ ਪੱਕੀ ਹੋਈ ਫਸਲ ਡਿੱਗ ਪਈ ਹੈ। ਇਸ ਫਸਲ ਦੇ ਉੱਪਰੋਂ ਬਰਸਾਤੀ ਪਾਣੀ ਵਗ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਕ ਅੰਦਾਜ਼ੇ ਅਨੁਸਾਰ ਹੁਣ 10 ਦਿਨ ਤਕ ਖੇਤਾਂ ਦਾ ਪਾਣੀ ਨਹੀਂ ਸੁੱਕਣਾ ਤੇ ਫਸਲ ਦਾ ਨੁਕਸਾਨ ਹੋਣਾ ਤੈਅ ਹੈ। ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਰਹੀ ਹੈ, ਉਨ੍ਹਾਂ ਲਈ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਕਿਉਂਕਿ ਕਿਸਾਨਾਂ ਨੇ ਤਾਂ ਇਕ ਦੋ ਦਿਨ ਤਕ ਫਸਲ ਕੱਟਣ ਦੇ ਪ੍ਰੋਗਰਾਮ ਬਣਾਏ ਸਨ। ਕਈ ਪਿੰਡਾਂ ਵਿਚ ਕੰਬਾਈਨਾਂ ਵੀ ਮੰਗਵਾ ਲਈਆਂ ਗਈਆਂ ਸਨ ਤਾਂ ਕਿ ਪੱਕੀ ਹੋਈ ਫਸਲ ਜਲਦੀ ਸਮੇਟੀ ਜਾ ਸਕੇ ਪਰ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੇ ਸਾਰੇ ਸੁਪਨੇ ਤੋੜ ਕੇ ਰੱਖ ਦਿੱਤੇ ਹਨ, ਜਿਨ੍ਹਾਂ ਇਲਾਕਿਆਂ ਵਿਚ ਅਜੇ ਫਸਲ ਕੱਚੀ ਹੈ, ਨੂੰ ਤਾਂ ਬਾਰਿਸ਼ ਕਾਰਨ ਕੁਝ ਰਾਹਤ ਮਿਲੀ ਹੈ ਜਦਕਿ ਪੱਕੀ ਫਸਲ ਵਾਲਿਆਂ ਲਈ ਬਰਸਾਤ ਆਫਤ ਹੀ ਬਣ ਕੇ ਆਈ ਹੈ। ਜਿਹੜੇ ਕਿਸਾਨ ਅਗੇਤੀ ਹੀ ਝੋਨੇ ਦੀ ਫਸਲ ਲਾ ਲੈਂਦੇ ਹਨ, ਉਹ ਇਸ ਵਾਰੀ ਘਾਟੇ ਵਿਚ ਰਹਿਣਗੇ ਕਿਉਂਕਿ ਇਹ ਫਸਲ ਅਜੇ 10 ਤੋਂ 15 ਦਿਨ ਤਕ ਨਹੀਂ ਕੱਟੀ ਜਾ ਸਕੇਗੀ।
ਦੂਜੇ ਪਾਸੇ ਸ਼ਹਿਰੀਆਂ ਲਈ ਬਰਸਾਤ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਕਾਰਨ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਬਰਸਾਤ ਦਾ ਸਕੂਲੀ ਬੱਚਿਆਂ ਨੇ ਵੀ ਪੂਰਾ ਆਨੰਦ ਮਾਣਿਆ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਖਰੀਦਦਾਰੀ ਕਰਦੇ ਵੀ ਨਜ਼ਰ ਆਏ।
ਮੋਰਿੰਡਾ, (ਅਰਨੌਲੀ)-ਬੇਮੌਸਮੀ ਬਾਰਿਸ਼ ਨਾਲ ਗੰਨਾ, ਜੀਰੀ, ਮੱਕੀ, ਹਰਾ ਚਾਰਾ ਤੇ ਸਬਜ਼ੀਆਂ ਦੀਆਂ ਫਸਲਾਂ ਦੇ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਤੇ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ।
ਨਜ਼ਦੀਕੀ ਪਿੰਡ ਮਾਜਰੀ ਦੇ ਕਿਸਾਨ ਆਗੂ ਨੰਬਰਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਕਿਸਾਨ ਇਸ ਬੇਮੌਸਮੀ ਬਾਰਿਸ਼ ਕਾਰਨ ਚਿੰਤਾ ਵਿਚ ਡੁੱਬ ਗਿਆ ਹੈ ਕਿਉਂਕਿ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਦਾਖਲ ਹੋ ਜਾਣ ਨਾਲ ਕਿਸਾਨਾਂ ਦੀ ਝੋਨੇ ਤੇ ਗੰਨੇ ਦੀ ਫਸਲ, (ਜੋ ਕੱਟਣ ਕੰਢੇ ਖੜ੍ਹੀ ਹੈ) ਪਾਣੀ ਵਿਚ ਡੁੱਬ ਜਾਣ ਕਾਰਨ ਖਰਾਬ ਹੋ ਗਈ।
ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਰੌਣੀ, ਮੇਜਰ ਸਿੰਘ ਚੱਕਲਾਂ, ਮਲਕੀਤ ਸਿੰਘ ਰਾਮਗੜ੍ਹ੍ਹ, ਕੇਹਰ ਸਿੰਘ ਅਮਰਾਲੀ ਅਤੇ ਅਮਰਜੀਤ ਸਿੰਘ ਮਾਜਰੀ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਖਰੜ, (ਰਣਬੀਰ)-ਸ਼ੁੱਕਰਵਾਰ ਸ਼ਾਮ ਤੋਂ ਹੋ ਰਹੀ ਲਗਾਤਾਰ ਬਾਰਿਸ਼ ਜਿਥੇ ਸਾਰਿਆਂ ਲਈ ਗਰਮੀ ਤੋਂ ਰਾਹਤ ਲੈ ਕੇ ਆਈ, ਉਥੇ ਹੀ ਇਸ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵੀ ਕਈ ਗੁਣਾ ਵਾਧਾ ਕਰ ਦਿੱਤਾ। ਮੀਂਹ ਦਾ ਪਾਣੀ ਨੀਵੀਆਂ ਥਾਵਾਂ 'ਚ ਭਰਨ ਨਾਲ ਲੋਕਾਂ ਨੂੰ ਆਪਣਾ ਸਾਰਾ ਜ਼ਰੂਰੀ ਸਾਮਾਨ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹਿਰ ਤੇ ਇਸ ਦੇ ਆਸ-ਪਾਸ ਨਿਕਾਸੀ ਪ੍ਰਬੰਧਾਂ ਦੀ ਘਾਟ ਕਾਰਨ ਮੀਂਹ ਦਾ ਪਾਣੀ ਹਰ ਥਾਂ ਭਰਿਆ ਨਜ਼ਰ ਆਇਆ।
ਸਥਾਨਕ ਮਿਊਂਸੀਪਲ ਪਾਰਕ ਦੇ ਗੇਟ ਤੋਂ ਲੈ ਕੇ ਸਾਰੀ ਪਾਰਕ ਹੀ ਪਾਣੀ ਨਾਲ ਭਰ ਚੁੱਕੀ ਸੀ, ਜਿਸ ਨਾਲ ਇਥੇ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਵੱਡੀ ਗਿਣਤੀ 'ਚ ਸ਼ਹਿਰ ਦੇ ਲੋਕਾਂ 'ਚ ਮਾਯੂਸੀ ਵੇਖਣ ਨੂੰ ਮਿਲੀ।
ਸ਼ਹਿਰ ਦੇ ਤਿੰਨ ਪਾਸੇ (ਰੰਧਾਵਾ ਰੋਡ, ਬਡਾਲਾ ਰੋਡ, ਖੂਨੀ ਮਾਜਰਾ ਰੋਡ) ਤੇ ਰੇਲਵੇ ਅੰਡਰ ਬ੍ਰਿਜ 'ਚ ਕੁਝ ਪਲਾਂ ਦੀ ਭਾਰੀ ਬਾਰਿਸ਼ ਨਾਲ ਲੋਕਾਂ ਦਾ ਲਾਂਘਾ ਬੁਰੀ ਤਰ੍ਹਾਂ ਠੱਪ ਹੋ ਜਾਂਦਾ ਹੈ। ਬ੍ਰਿਜ ਦੇ ਨਿਰਮਾਣ ਸਮੇਂ ਨਾ ਤਾਂ ਰੇਲਵੇ ਵਲੋਂ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਈ ਗਈ, ਨਾ ਹੀ ਸਥਾਨਕ ਪ੍ਰਸ਼ਾਸਨ ਵਲੋਂ ਹੀ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਭਵਿੱਖ 'ਚ ਅਜਿਹੀ ਸਮੱਸਿਆ ਪੇਸ਼ ਆਵੇਗੀ, ਲੋਕਾਂ ਵਲੋਂ ਇਸ ਸਬੰਧੀ ਪਹਿਲਾਂ ਹੀ ਆਗਾਹ ਕਰ ਦਿੱਤਾ ਗਿਆ ਸੀ ਪਰ ਉਸ ਵੇਲੇ ਕਿਸੇ ਨੇ ਵੀ ਲੋਕਾਂ ਦੀ ਨਾ ਸੁਣੀ, ਉਸ ਵੇਲੇ ਦੀ ਲਾਪ੍ਰਵਾਹੀ ਦੇ ਨਤੀਜੇ ਅੱਜ ਮੁੜ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। ਮੀਂਹ ਦਾ ਪਾਣੀ ਇਨ੍ਹਾਂ ਥਾਵਾਂ 'ਤੇ ਭਰਨ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਸਿੱਧਾ ਸੰਪਰਕ ਖਰੜ ਨਾਲੋਂ ਟੁੱਟ ਜਾਂਦਾ ਹੈ।
ਸਭ ਤੋਂ ਜ਼ਿਆਦਾ ਜੀਰੀ ਦੀ ਤਿਆਰ ਹੋ ਚੁੱਕੀ ਫਸਲ ਇਸ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੂਰੀ ਤਰ੍ਹਾਂ ਤਿਆਰ ਇਹ ਫਸਲ ਸਥਾਨਕ ਮੰਡੀਆਂ ਅੰਦਰ ਬਹੁਤ ਜਲਦੀ ਪੁੱਜਣ ਦੀ ਪੂਰੀ ਉਮੀਦ ਸੀ ਪਰ ਇਸ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਵੇਖਣ ਨੂੰ ਮਿਲੀ। ਖੇਤਾਂ ਅੰਦਰ ਕੁਝ ਥਾਵਾਂ 'ਤੇ ਜੀਰੀ ਦੀ ਕਟਾਈ ਵੀ ਹੋ ਚੁੱਕੀ ਸੀ, ਜੋ ਕਿ ਪੂਰੀ ਤਰ੍ਹਾਂ ਪਾਣੀ 'ਚ ਡੁੱਬੀ ਨਜ਼ਰ ਆਈ। ਮੀਂਹ ਤੋਂ ਇਲਾਵਾ ਤੇਜ਼ ਹਵਾ ਕਾਰਨ ਕਈ ਥਾਈਂ ਜੀਰੀ ਤੋਂ ਇਲਾਵਾ ਚਰੀ ਦੀ ਫਸਲ ਵੀ ਡਿਗੀ ਵੇਖਣ ਨੂੰ ਮਿਲੀ।
ਖਰੜ ਅੰਦਰ ਚੱਲ ਰਹੀ ਰਾਮ ਲੀਲਾ ਦਾ ਮੰਚਨ ਵੀ ਆਯੋਜਕਾਂ ਵਲੋਂ ਮੀਂਹ ਕਾਰਨ ਬੀਤੀ ਰਾਤ ਰੱਦ ਕਰਨਾ ਪਿਆ।
ਪੁਲਸ ਨੇ ਲਾਪਤਾ ਬੱਚਾ 6 ਘੰਟਿਆਂ 'ਚ ਕੀਤਾ ਬਰਾਮਦ
NEXT STORY