ਫਿਰੋਜ਼ਪੁਰ(ਕੁਮਾਰ)—ਕੈਪਟਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਦਿਆਂ ਨੂੰ ਲਾਗੂ ਕਰਵਾਉਣ ਅਤੇ ਕਿਸਾਨਾਂ ਦੇ ਸਭ ਤਰ੍ਹਾਂ ਦੇ ਕਰਜੇ ਮੁਆਫ ਕਰਵਾਉਣ ਦੇ ਲਈ 7 ਕਿਸਾਨ ਸੰਗਠਨਾਂ ਵੱਲੋਂ 22 ਸਤੰਬਰ ਤੋਂ ਪਟਿਆਲਾ ਵਿਚ 26 ਸਤੰਬਰ ਤੱਕ ਦਿੱਤੇ ਜਾਣ ਵਾਲੇ ਰੋਸ ਧਰਨੇ ਨੂੰ ਲੈ ਕੇ ਜ਼ਿਲਾ ਭਰ ਵਿਚ ਪੁਲਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਕਿਸਾਨ ਆਗੂ ਪੰਜਾਬ ਦੀ ਸ਼ਾਂਤੀ ਤੇ ਕਾਨੂੰਨ ਵਿਵਸਥਾ ਭੰਗ ਕਰ ਸਕਦੇ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਿਰੋਜ਼ਪੁਰ ਦੇ ਜ਼ਿਲਾ ਪ੍ਰਮੁੱਖ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦਿਆਂ ਨੂੰ ਪੂਰਾ ਨਹੀਂ ਕਰ ਰਹੀ ਅਤੇ ਕਰਜਾ ਮੁਆਫ ਨਾ ਹੋਣ ਦੇ ਕਾਰਨ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸਰਕਾਰ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਦੇ ਲਈ ਸ਼ਾਂਤੀਪੂਰਵਕ ਧਰਨਾ ਦੇਣ ਜਾ ਰਹੇ ਹਾਂ ਪਰ ਸਰਕਾਰ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਪੰਜਾਬ ਭਰ ਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਤੇ ਧਰਨੇ ਨੂੰ ਫੇਲ੍ਹ ਕਰਨ ਦੇ ਲਈ ਘਟੀਆ ਹੱਥਕੰਡੇ ਅਪਣਾ ਰਹੀ ਹੈ। ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਪੁਲਸ ਵੱਲੋਂ ਪੰਜਾਬ ਭਰ ਵਿਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੀ ਹੱਤਿਆ ਹੈ। ਪੁਲਸ ਨੇ ਕਿਸਾਨ ਆਗੂ ਰਣਜੀਤ ਸਿੰਘ ਝੋਕ ਟਹਿਲ ਸਿੰਘ ਬਲਾਕ ਸੈਕਟਰੀ, ਅਮਰਜੀਤ ਸਿੰਘ, ਮੇਜਰ ਸਿੰਘ ਸ਼ਹਿਜਾਦੀ (ਘੱਲ ਖੁਰਦ ਪ੍ਰਧਾਨ) ਤੇ ਹੋਰਾਂ ਨੂੰ ਘਰਾਂ ਤੋਂ ਚੁੱਕ ਲਿਆ ਹੈ। ਦੂਸਰੇ ਪਾਸੇ ਸੰਪਰਕ ਕਰਨ 'ਤੇ ਐੱਸ. ਪੀ. (ਡਿਟੈਕਟਿਵ) ਫਿਰੋਜ਼ਪੁਰ ਅਜਮੇਰ ਸਿੰਘ ਬਾਠ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਪੁਲਸ ਨੇ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਕਾਨੂੰਨ ਵਿਵਸਥਾ, ਸ਼ਾਂਤੀ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਬਹਾਲੀ ਦੇ ਲਈ ਪੁਲਸ ਨੇ ਕੁਝ ਲੋਕਾਂ ਨੂੰ ਕਾਨੂੰਨ ਦੇ ਅਨੁਸਾਰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਜਲ ਸਪਲਾਈ ਅਤੇ ਸੈਨੀਟੈਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.) ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ 7 ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਰੋਕਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਫਿਰ ਵੀ ਸੂਬੇ ਦੇ ਕਿਸਾਨਾਂ ਵੱਲੋਂ ਇਹ ਧਰਨਾ ਦਿੱਤਾ ਜਾਵੇਗਾ।
ਇਸ ਕਾਰਵਾਈ 'ਚ ਕਈ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਜਾਂ ਧਰਨੇ ਲਾਉਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਹੈ ਪਰ ਫ਼ਿਰ ਵੀ ਪੁਲਸ ਪ੍ਰਸ਼ਾਸਨ ਵੱਲੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਤਲਵੰਡੀ ਨਿਪਾਲਾਂ, ਲਖਵਿੰਦਰ ਸਿੰਘ ਪੀਰਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ ਸਮੇਤ ਹੋਰ ਵੀ ਕਈ ਕਿਸਾਨ ਆਗੂ ਗ੍ਰਿਫ਼ਤਾਰ ਕਰ ਲਏ ਗਏ ਹਨ।
ਭਾਕਿਯੂ (ਮਾਨ) ਦੇ ਸੂਬਾਈ ਆਗੂ ਸੁੱਚਾ ਸਿੰਘ ਮਲੰਗਸ਼ਾਹਵਾਲਾ ਅਤੇ ਭਾਕਿਯੂ (ਰਾਜੇਵਾਲ) ਦੇ ਪ੍ਰੀਤਮ ਸਿੰਘ ਸ਼ੀਹਾਂਪਾੜੀ ਨੂੰ ਵੀ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਥੇਬੰਦੀ ਵੱਲੋਂ ਦਖਲ ਦੇਣ 'ਤੇ ਛੱਡ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਜਗਤਾਰ ਸਿੰਘ ਜੱਲੇਵਾਲਾ, ਗੁਰਦੇਵ ਸਿੰਘ ਵਾਰਸਵਾਲਾ, ਜਸਵੰਤ ਸਿੰਘ ਗੱਟਾ, ਪਰਮਜੀਤ ਸਿੰਘ ਧੰਜੂ, ਹਰਭਿੰਦਰ ਸਿੰਘ ਪੀਰਮੁਹੰਮਦ, ਨਿਸ਼ਾਨ ਸਿੰਘ, ਜਗਿੰਦਰ ਸਿੰਘ ਸਭਰਾ, ਭਗਵਾਨ ਸਿੰਘ ਗੱਟਾ, ਮਹਿਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਕਿਸਾਨਾਂ ਨੂੰ ਥਾਣਿਆਂ 'ਚ ਡੱਕ ਕੇ ਜਲੀਲ ਕਰ ਰਹੀ ਹੈ।
ਪੁਲਸ ਨੇ ਹੈਰੋਇਨ ਸਣੇ 3 ਨੂੰ ਕੀਤਾ ਗ੍ਰਿਫਤਾਰ
NEXT STORY