ਅਮਲੋਹ(ਜੋਗਿੰਦਰਪਾਲ)-ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਜ਼ਿਲੇ ਦੇ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਤੇ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਮਲੋਹ ਵਿਖੇ ਵੱਖ-ਵੱਖ ਖਾਦਾਂ, ਬੀਜ ਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੀਆਂ 7 ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਖੇਤੀਬਾਡ਼ੀ ਵਿਕਾਸ ਅਫਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਮਿਆਰੀ ਤੇ ਮਿਲਾਵਟ ਰਹਿਤ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਤੇ ਪ੍ਰਵਾਨਤ ਬੀਜ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ, ਜਿਸ ਕਾਰਨ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਸਰ ਦੁਕਾਨਦਾਰ ਭੋਲੇ-ਭਾਲੇ ਕਿਸਾਨਾਂ ਨੂੰ ਨਕਲੀ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਵੇਚ ਦਿੰਦੇ ਹਨ, ਜੋ ਕਿ ਫਸਲਾਂ ਦੇ ਕੀਡ਼ਿਆਂ ਤੇ ਹੋਰ ਬਿਮਾਰੀਆਂ ਤੋਂ ਬਚਾਅ ਕਰਨ ਲਈ ਸਹਾਈ ਨਹੀਂ ਹੁੰਦੀਆਂ, ਜਦੋਂ ਕਿ ਕਿਸਾਨ ਦੁਕਾਨਦਾਰ ਦੇ ਭਰੋਸੇ ’ਤੇ ਹੀ ਖਾਦਾਂ, ਬੀਜ ਤੇ ਕੀਟਨਾਸ਼ਕ ਦਵਾਈਆਂ ਦੀ ਖਰੀਦ ਕਰ ਲੈਂਦਾ ਹੈ। ਡਾ. ਗੁਰਦੇਵ ਸਿੰਘ ਨੇ ਖਾਦਾਂ, ਕੀਟਨਾਸ਼ਕ ਦਵਾਈਆਂ ਤੇ ਬੀਜ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾਡ਼ਨਾ ਕੀਤੀ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਸਿਰਫ ਮਿਆਰੀ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਹੀ ਵੇਚੀਆਂ ਜਾਣ ਤਾਂ ਜੋ ਨਕਲੀ ਦਵਾਈਆਂ ਕਾਰਨ ਕਿਸਾਨਾਂ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਖਤ ਹਦਾਇਤਾਂ ਹਨ ਕਿ ਜੇਕਰ ਕੋਈ ਵੀ ਦੁਕਾਨਦਾਰ ਕਿਸਾਨਾਂ ਨੂੰ ਨਕਲੀ ਦਵਾਈਆਂ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ’ਚ ਲੋਡ਼ ਨਾਲੋਂ ਵੱਧ ਖਾਦ ਜਾਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਤੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਖੇਤੀਬਾਡ਼ੀ ਮਾਹਿਰਾਂ ਦੇ ਦੱਸਣ ਅਨੁਸਾਰ ਹੀ ਕੀਤੀ ਜਾਵੇ। ਖੇਤੀਬਾਡ਼ੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਮਨੁੱਖੀ ਸਿਹਤ ’ਤੇ ਵੀ ਇਸ ਦਾ ਮਾਡ਼ਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲੇ ’ਚ 2 ਕਸਟਮਰ ਹਾਈਰਿੰਗ ਸੈਂਟਰ ਖੋਲ੍ਹੇ ਜਾ ਰਹੇ ਹਨ ਜਿੱਥੋਂ ਕਿ ਕਿਸਾਨਾਂ ਨੂੰ ਘੱਟ ਕਿਰਾਏ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਕਟਾਈ ਕੇਵਲ ਉਨ੍ਹਾਂ ਕੰਬਾਈਨਾਂ ਨਾਲ ਹੀ ਕਰਵਾਈ ਜਾਵੇ ਜਿਨ੍ਹਾਂ ਦੇ ਪਿਛੇ ਸੁਪਰ ਐੱਸ. ਐੱਮ. ਐੱਸ. ਸਿਸਟਮ ਲੱਗਿਆ ਹੋਵੇ, ਕਿਉਂਕਿ ਇਹ ਸਿਸਟਮ ਝੋਨੇ ਦੀ ਪਰਾਲੀ ਦੇ ਛੋਟੇ-ਛੋਟੇ ਟੁਕਡ਼ੇ ਕਰ ਕੇ ਉਸ ਨੂੰ ਖੇਤ ’ਚ ਹੀ ਵਿਛਾਅ ਦਿੰਦਾ ਹੈ ਤੇ ਉਸ ਝੋਨੇ ਨੂੰ ਹੈਪੀ ਸੀਡਰ ਦੀ ਸਹਾਇਤਾ ਨਾਲ ਖੇਤ ’ਚ ਹੀ ਵਾਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਹੁੰਦਾ ਹੈ ਉੱਥੇ ਹੀ ਵਾਤਾਵਰਣ ਵੀ ਸਾਫ-ਸੁਥਰਾ ਰਹੇਗਾ। ਇਸ ਟੀਮ ’ਚ ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਦੇ ਉੱਪ-ਨਿਰੀਖਕ ਡਾ. ਸਮਸ਼ੇਰ ਸਿੰਘ, ਖੇਤੀਬਾਡ਼ੀ ਉੱਪ-ਨਿਰੀਖਕ ਡਾ. ਮਨੀਸ਼ ਕੁਮਾਰ ਤੇ ਖੇਤੀਬਾਡ਼ੀ ਉੱਪ-ਨਿਰੀਖਕ ਡਾ. ਰਮਨਦੀਪ ਸਿੰਘ ਵੀ ਸ਼ਾਮਲ ਸਨ।
ਸਰਕਾਰ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਮੁੱਦੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰੇ : ਕੈਪਟਨ
NEXT STORY