ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਤਜ਼ਾਕਿਸਤਾਨ ਵਿੱਚ ਬੇਹੱਦ ਮੁਸ਼ਕਲ ਤੇ ਅਣਮਨੁੱਖੀ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤੇ ਗਏ 7 ਪੰਜਾਬੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਨ੍ਹਾਂ ਦੀ ਅੱਜ ਦੁਪਹਿਰ 2 ਵਜੇ ਭਾਰਤ ਵਾਪਸੀ ਹੋ ਜਾਵੇਗੀ। ਇਹ ਸਾਰੇ ਨੌਜਵਾਨ ਅੱਜ ਦੁਪਹਿਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ, ਦਿੱਲੀ ਵਿਖੇ ਪਹੁੰਚਣਗੇ, ਜਿੱਥੋਂ ਉਹ ਅੱਗੇ ਪੰਜਾਬ ਲਈ ਰਵਾਨਾ ਹੋਣਗੇ।
ਇਨ੍ਹਾਂ ਨੌਜਵਾਨਾਂ 'ਚ ਅਵਤਾਰ ਸਿੰਘ ਢੇਰ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ (ਪਿੰਡ ਮੋੜਾ), ਮਨਜੀਤ ਸਿੰਘ ਘਨੌਲੀ, ਅਮਰਜੀਤ ਸਿੰਘ (ਪਿੰਡ ਬ੍ਰਹਮਪੁਰ) ਅਤੇ ਹਰਦੀਪ ਸਿੰਘ (ਪਿੰਡ ਪੱਤੀ) ਸ਼ਾਮਲ ਹਨ, ਜਿਨ੍ਹਾਂ ਨੇ ਸਾਂਝੇ ਤੌਰ 'ਤੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਹੈ। ਉਨ੍ਹਾਂ ਨੂੰ ਨੰਗਲ ਦੇ ਇੱਕ ਟਰੈਵਲ ਏਜੰਟ ਵੱਲੋਂ ਤਜ਼ਾਕਿਸਤਾਨ ਵਿੱਚ ਡਰਾਈਵਿੰਗ ਦਾ ਕੰਮ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉੱਥੇ ਉਨ੍ਹਾਂ ਤੋਂ ਸਖ਼ਤ ਮਜ਼ਦੂਰੀ ਕਰਵਾਈ ਗਈ ਅਤੇ ਉਨ੍ਹਾਂ ਨੂੰ ਨਾ ਤਾਂ ਸਹੀ ਪੈਸੇ ਦਿੱਤੇ ਗਏ ਅਤੇ ਨਾ ਹੀ ਰਹਿਣ ਲਈ ਚੰਗੀ ਜਗ੍ਹਾ ਦਿੱਤੀ ਗਈ।
ਇਹ ਵੀ ਪੜ੍ਹੋ- ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...
ਇਨ੍ਹਾਂ ਨੌਜਵਾਨਾਂ ਨੇ 19 ਅਕਤੂਬਰ ਨੂੰ ਇੱਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਭਾਰਤ ਦੇ ਇੱਕ ਧੋਖੇਬਾਜ਼ ਏਜੰਟ ਨੇ ਚੰਗੇ ਕੰਮ ਦਾ ਝਾਂਸਾ ਦੇ ਕੇ ਤਜ਼ਾਕਿਸਤਾਨ ਭੇਜ ਦਿੱਤਾ ਹੈ ਤੇ ਰੋਗਨ ਸ਼ਹਿਰ ਵਿੱਚ ਉਨ੍ਹਾਂ ਦੇ ਮਾਲਕਾਂ ਵੱਲੋਂ ਉਨ੍ਹਾਂ ਨਾਲ ਕਾਫ਼ੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਬਾਰੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੁਸ਼ਟੀ ਕੀਤੀ ਸੀ ਕਿ ਤਜ਼ਾਕਿਸਤਾਨ ਵਿੱਚ ਦੁਸ਼ਾਂਬੇ ਨੇੜੇ ਫਸੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇਗਾ। ਡਾ. ਸਾਹਨੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਰੇਕ ਭਾਰਤੀ ਦੀ ਸੁਰੱਖਿਆ ਅਤੇ ਸਨਮਾਨ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਇਹ ਮਾਮਲਾ ਤਜ਼ਾਕਿਸਤਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਕੋਲ ਉਠਾਇਆ ਅਤੇ ਪੂਰਾ ਤਾਲਮੇਲ ਬਿਠਾਇਆ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਵੀ ਦਖ਼ਲ ਦਿੱਤਾ ਹੈ ਤੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਤਲਬ ਕੀਤਾ ਹੈ।
ਸ਼ਹੀਦੀ ਜਾਗ੍ਰਿਤੀ ਯਾਤਰਾ ਪਟਨਾ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੀ, 27 ਨੂੰ ਸ੍ਰੀ ਆਨੰਦਪੁਰ ਸਾਹਿਬ 'ਚ ਹੋਵੇਗੀ ਸਮਾਪਤੀ
NEXT STORY