ਅੰਮ੍ਰਿਤਸਰ : 26 ਜਨਵਰੀ ਮੌਕੇ ਦਿੱਲੀ ਵਿਚ ਟਰੈਕਟਰ ਪਰੇਡ ਦੌਰਾਨ ਮਾਰੇ ਗਏ ਨੌਜਵਾਨ ਨਵਰੀਤ ਸਿੰਘ ਅਤੇ ਕਿਸਾਨ ਕੈਂਪ ’ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਵਾਂਸ਼ਹਿਰ ਦੇ ਗੁਰਸਿੱਖ ਨੌਜਵਾਨ ਰਣਜੀਤ ਸਿੰਘ ਸਮੇਤ ਹੋਰ ਮਾਮਲਿਆਂ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲਾਂ ਵੱਲੋਂ ਲੋੜੀਂਦੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋੜੀਂਦੇ ਸਬੂਤਾਂ ਦੇ ਆਧਾਰ 'ਤੇ ਇਨ੍ਹਾਂ ਮਾਮਲਿਆਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ। ਇਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਨਵਰੀਤ ਸਿੰਘ, ਰਣਜੀਤ ਸਿੰਘ ਅਤੇ ਨੌਦੀਪ ਕੌਰ ਦੇ ਮਾਮਲੇ ਵਿਚ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ 'ਤੇ
ਦਰਅਸਲ ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿਚ ਟਰੈਕਟਰ ਪਰੇਡ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਸਬੰਧੀ ਹੁਣ ਤਕ 122 ਵਿਅਕਤੀ ਗ੍ਰਿਫ਼ਤਾਰ ਕਰਨ ਸਮੇਤ ਦਿੱਲੀ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਵਿਚ 44 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ਹੇਠ ਕੁਝ ਦਿਨ ਦਿੱਲੀ ਰਹਿ ਕੇ ਆਏ ਮੁੱਖ ਜਾਂਚਕਰਤਾ ਵਕੀਲ ਸਰਬਜੀਤ ਸਿੰਘ ਨੇ ਆਖਿਆ ਕਿ ਇਹ ਤਿੰਨੇ ਮਾਮਲੇ ਉਚੇਚੇ ਧਿਆਨ ਦੀ ਮੰਗ ਕਰਦੇ ਹਨ। ਨਵਰੀਤ ਸਿੰਘ ਦੀ ਮੌਤ ਗੋਲ਼ੀ ਲੱਗਣ ਕਾਰਨ ਹੋਈ, ਜਦੋਂਕਿ ਦਿੱਲੀ ਪੁਲਸ ਦਾ ਦਾਅਵਾ ਹੈ ਕਿ ਉਸ ਨੇ ਗੋਲ਼ੀ ਨਹੀਂ ਚਲਾਈ। ਕਿਸਾਨ ਕੈਂਪ ’ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਦੀ ਪੁਲਸ ਵੱਲੋਂ ਲੋਕਾਂ ਵਿਚਾਲੇ ਕੁੱਟਮਾਰ ਕੀਤੀ ਗਈ ਹੈ, ਜਦੋਂਕਿ ਹਮਲੇ ਦੌਰਾਨ ਉਸ ਨੇ ਆਪਣੀ ਜਾਨ ਬਚਾਉਣ ਵਾਸਤੇ ਕਿਰਪਾਨ ਕੱਢੀ ਸੀ। ਕੁੰਡਲੀ ਮੋਰਚੇ ਦੌਰਾਨ ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਤਿੰਨੋਂ ਮਾਮਲੇ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ : ਰਾਜ ਸਭਾ 'ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ 'ਤੇ ਵਿਅੰਗ, ਕਿਹਾ '84 ਦੀ ਗੱਲ ਕਰਨੀ ਕਿਵੇਂ ਭੁੱਲ ਗਏ
ਮਨੁੱਖੀ ਅਧਿਕਾਰਾਂ ਸਬੰਧੀ ਵਕੀਲ ਅਤੇ ਕਿਸਾਨਾਂ ਵੱਲੋਂ ਬਣਾਈ ਵਕੀਲਾਂ ਦੀ ਕਮੇਟੀ ਦੇ ਮੈਂਬਰ ਐਡਵੋਕੇਟ ਨਵਕਿਰਨ ਸਿੰਘ ਨੇ ਆਖਿਆ ਕਿ ਵਕੀਲਾਂ ਦੀ ਕਮੇਟੀ ਵੱਲੋਂ ਹਿੰਸਕ ਘਟਨਾਵਾਂ ਸਬੰਧੀ ਸਾਰੇ ਮਾਮਲਿਆਂ ਵਿੱਚ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਕੇਸਾਂ ਵਿਚ ਪੁਖਤਾ ਸਬੂਤ ਮਿਲੇ ਹਨ, ਉਨ੍ਹਾਂ ਸਬੰਧੀ ਅਦਾਲਤ ਵਿਚ ਸਿੱਧੀ ਸ਼ਿਕਾਇਤ ਦਰਜ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਾਮਲਿਆਂ ਵਿਚ ਸਬੂਤਾਂ ਦੀ ਘਾਟ ਹੈ, ਉਨ੍ਹਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਰੀਤ ਸਿੰਘ ਅਤੇ ਰਣਜੀਤ ਸਿੰਘ ਦੇ ਮਾਮਲੇ ਵਿਚ ਪੁਖਤਾ ਸਬੂਤ ਮਿਲੇ ਹਨ। ਨਵਰੀਤ ਸਿੰਘ ਦੀ ਗਰਦਨ ਵਿਚ ਗੋਲ਼ੀ ਲੱਗੀ ਸੀ, ਜੋ ਦੂਸਰੇ ਪਾਸਿਓਂ ਬਾਹਰ ਨਿਕਲ ਗਈ ਅਤੇ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਦੇ ਮਾਮਲੇ ਵਿਚ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਬਣਾਏ ਗਏ ਕੈਂਪ ਵਿਚ ਲਾਪਤਾ ਲੋਕਾਂ ਦੇ ਪਰਿਵਾਰ ਲਗਾਤਾਰ ਪੁੱਜ ਰਹੇ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿਚ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਬਠਿੰਡਾ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਕਿਸਾਨਾਂ 'ਤੇ ਹਮਲਾ, ਲਹੂ-ਲੁਹਾਨ ਹੋਏ ਕਿਸਾਨ ਤੇ ਪੁਲਸ ਮੁਲਾਜ਼ਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅੱਜ 'ਨਵਜੋਤ ਸਿੱਧੂ' ਬਾਰੇ ਅਹਿਮ ਫ਼ੈਸਲਾ ਲੈ ਸਕਦੀ ਹੈ ਕਾਂਗਰਸ ਹਾਈਕਮਾਨ, ਮਿਲ ਸਕਦਾ ਹੈ ਇਹ ਅਹੁਦਾ
NEXT STORY