ਮਲੋਟ (ਜੁਨੇਜਾ) - ਪਿੰਡ ਭਗਵਾਨਪੁਰਾ ਵਿਖੇ ਸਹਿਕਾਰੀ ਸੁਸਾਇਟੀ ਦੇ ਸੈਕਟਰੀ ਵੱਲੋਂ ਭੋਲੇ-ਭਾਲੇ ਕਿਸਾਨਾਂ ਦੇ ਲੱਖਾਂ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ।
ਠੱਗੀ ਦਾ ਸ਼ਿਕਾਰ ਪਿੰਡ ਦੇ ਸਾਬਕਾ ਸਰਪੰਚ ਜੱਜਬੀਰ ਸਿੰਘ ਪੁੱਤਰ ਪਿੱਪਲ ਸਿੰਘ, ਨਿਸ਼ਾਨ ਸਿੰਘ ਪੁੱਤਰ ਪਰਮਜੀਤ ਸਿੰਘ, ਗੁਰਭੇਜ ਸਿੰਘ ਪੁੱਤਰ ਮਹਿਲ ਸਿੰਘ, ਨਿਰਮਲ ਸਿੰਘ ਪੁੱਤਰ ਪਿੱਪਲ ਸਿੰਘ, ਬਚਿੱਤਰ ਸਿੰਘ ਪੁੱਤਰ ਭਗਤ ਸਿੰਘ , ਗੁਰਮੇਲ ਸਿੰਘ ਪੁੱਤਰ ਫੌਜਾ ਸਿੰਘ, ਸੁਖਬੀਰ ਸਿੰਘ ਪੁੱਤਰ ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਤੇ ਛਿੰਦਰ ਸਿੰਘ ਪੁੱਤਰਾਨ ਪਿੱਪਲ ਸਿੰਘ ਸਮੇਤ ਕਿਸਾਨਾਂ ਨੇ ਜ਼ਿਲਾ ਪੁਲਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਸਾਰੇ ਹੀ ਪਿੰਡ ਦੀ ਸਹਿਕਾਰੀ ਸੁਸਾਇਟੀ ਦੇ ਮੈਂਬਰ ਹਨ ਅਤੇ ਉਨ੍ਹਾਂ ਬੈਂਕ ਤੋਂ ਕਰਜ਼ਾ ਲਿਆ ਹੈ।
ਨੋਟਬੰਦੀ ਦੌਰਾਨ ਪਿੰਡ ਦੀ ਸੁਸਾਇਟੀ ਦਾ ਸੈਕਟਰੀ ਉਨ੍ਹਾਂ ਕੋਲੋਂ ਕਿਸ਼ਤਾਂ ਦੇ ਪੈਸੇ ਲੈ ਕੇ ਕਾਪੀਆਂ 'ਚ ਐਂਟਰੀਆਂ ਪਾ ਦਿੰਦਾ ਸੀ ਪਰ ਉਸ ਨੇ ਪੈਸੇ ਅੱਗੇ ਜਮ੍ਹਾ ਨਹੀਂ ਕਰਵਾਏ, ਜਿਸ ਕਰਕੇ ਉਨ੍ਹਾਂ ਸਿਰ ਪੈਸਾ ਵਿਆਜ ਸਮੇਤ ਦੁੱਗਣਾ-ਤਿਗਣਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਕਤ ਸੈਕਟਰੀ ਨੇ ਕਈ ਕਿਸਾਨਾਂ ਦੇ ਨਾਂ 'ਤੇ ਲੋਨ ਕਰਾ ਲਏ।
ਪੱਤਰਕਾਰਾਂ ਨੂੰ ਫਰਜ਼ੀ ਐਂਟਰੀਆਂ ਅਤੇ ਕਾਪੀਆਂ ਵਿਖਾਉਂਦਿਆਂ ਕਿਸਾਨਾਂ ਨੇ ਦੱਸਿਆ ਕਿ ਜੱਜਬੀਰ ਸਿੰਘ ਦੇ ਖਾਤੇ 'ਤੇ ਸੈਕਟਰੀ ਨੇ ਬਕਾਇਆ ਨਿੱਲ ਕਰ ਦਿੱਤਾ ਹੈ, ਜਦਕਿ ਉਸ ਦੇ ਅਸਲ ਖਾਤੇ 'ਚ 1 ਲੱਖ 80 ਹਾਜ਼ਰ ਰੁਪਏ ਬਕਾਇਆ ਹੈ। ਬਚਿੱਤਰ ਸਿੰਘ ਪੁੱਤਰ ਭਗਤ ਸਿੰਘ ਦੀ ਕਾਪੀ 'ਤੇ ਨਿੱਲ ਬਕਾਇਆ ਹੈ, ਜਦਕਿ ਖਾਤੇ 'ਚ ਉਸ ਵੱਲ 3 ਲੱਖ 8 ਹਾਜ਼ਰ ਰੁਪਏ ਬੋਲ ਰਹੇ ਹਨ। ਗੁਰਭੇਜ ਸਿੰਘ ਦੇ ਖਾਤੇ 'ਚ ਬਕਾਇਆ 95 ਹਜ਼ਾਰ ਬੋਲਦਾ ਹੈ ਪਰ ਉਸ ਨੂੰ ਸੈਕਟਰੀ ਨੇ ਹੱਥ ਨਾਲ 76400 ਰੁਪਏ ਬਕਾਇਆ ਕਲੀਅਰ ਕਰ ਕੇ ਪਰਚੀ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਜਦ ਗੁਰਲਾਲ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਕਰਜ਼ੇ ਮੁਆਫ਼ ਹੋ ਜਾਣਗੇ। ਕਿਸਾਨਾਂ ਨੇ ਪਹਿਲਾਂ ਏ. ਆਰ. ਮਲੋਟ ਨਾਲ ਇਸ ਮਾਮਲੇ 'ਤੇ ਗੱਲ ਕੀਤੀ ਪਰ ਉਸ ਨੇ ਸੈਕਟਰੀ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਸਾਨੂੰ ਚੁੱਪ ਰਹਿਣ ਲਈ ਕਿਹਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸੈਕਟਰੀ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਕੀ ਕਹਿਣੈ ਅਧਿਕਾਰੀਆਂ ਦਾ
ਇਸ ਮਾਮਲੇ 'ਤੇ ਵਾਰ-ਵਾਰ ਫੋਨ ਕਰਨ 'ਤੇ ਸੈਕਟਰੀ ਗੁਰਲਾਲ ਸਿੰਘ ਨੇ ਫੋਨ ਨਹੀਂ ਚੁੱਕਿਆ। ਉਧਰ ਜਦੋਂ ਇਸ ਸਬੰਧੀ ਏ. ਆਰ. ਮਲੋਟ ਹਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਲਾਸ 'ਚ ਹੋਣ ਦਾ ਕਹਿ ਕੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਪਿੱਛੋਂ ਇਸ ਮਾਮਲੇ ਦੀ ਜਾਂਚ ਦਾ ਕੰਮ ਮਹਿਕਮੇ ਦੇ ਇੰਸਪੈਕਟਰ ਨੂੰ ਸੌਂਪ ਦਿੱਤਾ ਹੈ।
ਸਿੱਕਿਆਂ ਨੇ ਵਿਗਾੜਿਆ ਕਾਰੋਬਾਰੀ ਗਣਿਤ
NEXT STORY