ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਹਮੇਸ਼ਾਂ ਤੋਂ ਹੀ ਵੱਡੀ ਚੁਣੌਤੀ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਰਕਾਰਾਂ ਵੀ ਚਿੰਤਤ ਹਨ ਅਤੇ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਾਰਟ ਸੀਡਰ ਨਾਂ ਦੀ ਇਕ ਨਵੀਂ ਮਸ਼ੀਨ ਬਣਾਈ ਗਈ ਹੈ, ਇਹ ਮਸ਼ੀਨ ਪੀ. ਏ. ਯੂ. ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਨੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਹੈ ਤੇ ਇਸ ਨੂੰ ਹੈਪੀ ਸੀਡਰ ਦੇ ਸੁਪਰ ਸੀਡਰ ਦਾ ਸੁਮੇਲ ਦੱਸਿਆ ਜਾ ਰਿਹਾ ਹੈ, ਇਸ ਮਸ਼ੀਨ ਵਿਚ ਪਰਾਲੀ ਨੂੰ ਸੰਭਾਲਣ ਲਈ ਅਤੇ ਖੇਤ ਵਾਹੁਣ ਲਈ ਛੋਟੇ ਛੋਟੇ ਬਲੇਡ, ਬੀਜ, ਖਾਦ ਪਾਉਣ ਵਾਲਾ ਸਿਸਟਮ ਫਾਲੇ ਅਤੇ ਬੀਜ ਨੂੰ ਮਿੱਟੀ ਨਾਲ ਢੱਕਣ ਲਈ ਰੋਲਰ ਲੱਗੇ ਹੋਏ ਹਨ, ਜੋ ਪਰਾਲੀ ਦੇ ਕੁਝ ਹਿੱਸੇ ਨੂੰ ਮਿੱਟੀ ਵਿਚ ਮਿਲਾ ਦਿੰਦੇ ਹਨ, ਜਦੋਂ ਕਿ ਬਾਕੀ ਬਚੇ ਪਰਾਲੀ ਦੇ ਹਿੱਸੇ ਨੂੰ ਮਿੱਟੀ ਦੀ ਧਰਾਤਲ ਉੱਤੇ ਵਿਛਾ ਦਿੰਦੇ ਨੇ, ਮਸ਼ੀਨ ਦੇ ਨਾਲ ਬੀਜੀ ਗਈ ਕਣਕ ਦੀ ਪੈਦਾਵਾਰ ਹੈਪੀ ਸੀਡਰ ਜਿੰਨੀ ਹੀ ਹੁੰਦੀ ਹੈ ਜਦੋਂ ਕਿ ਸੁਪਰ ਸੀਡਰ ਦੇ ਮੁਕਾਬਲੇ ਕੁਝ ਵੱਧ ਹੁੰਦੀ ਹੈ।
ਇਹ ਵੀ ਪੜ੍ਹੋ : ਟ੍ਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਦਾ ਇਕ ਹੋਰ ਵੱਡਾ ਕਦਮ, ਕੀਤਾ ਇਹ ਅਹਿਮ ਐਲਾਨ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀ. ਏ. ਯੂ. ਦੇ ਡਾ. ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸੀਡਰ ਦੀ ਕੀਮਤ ਇਕ ਲੱਖ 90 ਹਜ਼ਾਰ ਰੁਪਏ ਹੈ ਅਤੇ ਯੂਨੀਵਰਸਿਟੀ ਵੱਲੋਂ ਇਸ ਸਾਲ ਕਿਸਾਨਾਂ ਨੂੰ ਇਹ ਮਸ਼ੀਨ ਸਿਫ਼ਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਸਾੜਣ ਨਾਲ ਨਾ ਸਿਰਫ਼ ਵਾਤਾਵਰਣ ਖਰਾਬ ਹੁੰਦਾ ਹੈ, ਸਗੋਂ ਇਸ ਨਾਲ ਮਿੱਟੀ ਦੇ ਤੱਤ ਵੀ ਖ਼ਰਾਬ ਹੁੰਦੇ ਹਨ। ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਨਾਲ ਹੀ ਜੋ ਪਰਾਲੀ ਵਿਚ ਫ਼ਸਲ ਲਈ ਜ਼ਰੂਰੀ ਕੈਮੀਕਲ ਹੁੰਦੇ ਹਨ, ਉਹ ਵੀ ਨਸ਼ਟ ਹੋ ਜਾਂਦੇ ਹਨ। ਡਾ. ਨਾਰੰਗ ਨੇ ਦੱਸਿਆ ਕਿ ਬੀਤੇ ਚਾਰ ਸਾਲਾਂ ਤੋਂ ਲਗਾਤਾਰ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਇਸੇ ਦੇ ਤਹਿਤ ਨਵੀਆਂ-ਨਵੀਆਂ ਤਕਨੀਕਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ’ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੁੱਤ ਦੇ ਵਿਆਹ ’ਤੇ ਬੋਲੇ ਢੱਡਰੀਆਂਵਾਲੇ, ਜਾਣੋ ਕੀ ਦਿੱਤਾ ਬਿਆਨ
ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਹੁਣ ਪੰਜਾਬ ਵਿਚ ਲਗਪਗ 55 ਫ਼ੀਸਦੀ ਰਕਬੇ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ’ਤੇ ਸਰਕਾਰ ਵੱਲੋਂ ਸਬਸਿਡੀ ਦੀ ਕੋਈ ਤਜਵੀਜ਼ ਨਹੀਂ ਹੈ ਪਰ ਆਉਂਦੇ ਦਿਨਾਂ ’ਚ ਇਸ ’ਤੇ ਸਬਸਿਡੀ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਮਸ਼ੀਨ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਥਿਤ ਹੈ ਜਲਦ ਹੀ ਇਸ ਨੂੰ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਤਿਆਰ ਕਰਕੇ ਪਹੁੰਚਾਇਆ ਜਾਵੇਗਾ। ਡਾ. ਨਾਰੰਗ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮਸ਼ੀਨਰੀ ਭਾਵੇਂ ਕੋਈ ਵੀ ਵਰਤੀ ਜਾਵੇ ਪਰ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ
ਡਾ. ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸੀਡਰ ਨੂੰ ਵਿਸ਼ੇਸ਼ ਤੌਰ ’ਤੇ ਇਸ ਕਰਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਛੋਟੇ ਹਾਰਸ ਪਾਵਰ ਦੇ ਟਰੈਕਟਰ ਨਾਲ ਵੀ ਚੱਲ ਸਕੇ। ਉਨ੍ਹਾਂ ਕਿਹਾ ਕਿ ਫ਼ਿਲਹਾਲ ਸੁਪਰ ਸੀਡਰ ਨੂੰ ਚਲਾਉਣ ਲਈ 55 ਤੋਂ ਲੈ ਕੇ 60 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ ਜਦੋਂਕਿ ਯੂਨੀਵਰਸਿਟੀ ਵੱਲੋਂ ਤਿਆਰ ਸਮਾਰਟ ਸੀਡਰ 50 ਹਾਰਸ ਪਾਵਰ ਤੋਂ ਵੀ ਘੱਟ ਟਰੈਕਟਰ ਨਾਲ ਚੱਲ ਜਾਂਦਾ ਹੈ। ਨਾਰੰਗ ਨੇ ਦੱਸਿਆ ਕਿ ਲਗਪਗ ਇਕ ਘੰਟੇ ਵਿਚ ਸਮਾਰਟ ਸੀਡਰ ਮਸ਼ੀਨ ਨਾਲ ਇਕ ਏਕੜ ਜ਼ਮੀਨ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਕਾਂਗਰਸੀ ਆਗੂ ਰੂਬੀ ਗਿੱਲ ’ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪਾਬੰਦੀਸ਼ੁਦਾ ਟੀਕਿਆਂ ਨਾਲ ਫੜ੍ਹੀ ਕੁੜੀ ਨੂੰ 12 ਸਾਲ ਦੀ ਸਜ਼ਾ, ਅਦਾਲਤ ਨੇ ਜੁਰਮਾਨਾ ਵੀ ਲਾਇਆ
NEXT STORY