ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਇਥੋਂ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਦਾ ਬਦਲਵੇਂ ਤਰੀਕਿਆਂ ਨਾਲ ਪ੍ਰਬੰਧਨ ਕਰਕੇ ਹੋਰ ਕਿਸਾਨਾਂ ਦਾ ਮਾਰਗ ਦਰਸ਼ਨ ਕੀਤਾ ਹੈ। ਅਜਿਹੇ ਕਿਸਾਨ ਵਾਤਾਵਰਨ ਦੀ ਸੰਭਾਲ ਪ੍ਰਤੀ ਚਿੰਤਤ ਹਨ ਅਤੇ ਇਹ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਬਦਲਵੇਂ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰ ਰਹੇ ਹਨ।
ਅਜਿਹਾ ਹੀ ਇਕ ਕਿਸਾਨ ਹੈ ਤ੍ਰਿਲੋਚਨ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਪਿੰਡ ਚੱਕ ਦੂਹੇਵਾਲਾ ਵਾਸੀ ਤਹਿਸੀਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ । ਇਸ ਕਿਸਾਨ ਨੇ ਫਸਲੀ ਵਿਭਿੰਨਤਾ ਤਹਿਤ ਅਤੇ ਵਾਤਾਵਰਨ ਸੰਭਾਲ ਲਈ ਇਕ ਪਾਸੇ ਜਿੱਥੇ 15 ਏਕੜ ਰਕਬੇ ਵਿਚ ਪਾਪੂਲਰ ਲਗਾਏ ਹੋਏ ਹਨ, ਉਥੇ ਹੀ ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਵੀ ਨਹੀਂ ਸਾੜਦਾ ਹੈ । ਤ੍ਰਿਲੋਚਣ ਸਿੰਘ ਆਖਦਾ ਹੈ ਕਿ ਉਹ ਜਿਸ ਰਕਬੇ 'ਚ ਝੋਨੇ/ਬਾਸਮਤੀ ਦੀ ਬਿਜਾਈ ਕਰਦਾ ਹੈ ਉਸ ਵਿਚ ਉਸਨੇ ਪਿਛਲੇ 8 ਸਾਲਾਂ ਤੋਂ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ । ਹੁਣ ਤਾਂ ਉਸਨੇ ਤਿੰਨ ਬੇਲਰ ਰੈਕ ਮਸ਼ੀਨਾਂ ਅਤੇ ਸੱਤ ਟਰੈਕਟਰ ਵੀ ਬਣਾ ਲਏ ਹਨ । ਇਸ ਨਾਲ ਉਹ ਆਪਣੇ ਖੇਤਾਂ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਇਲਾਵਾ ਹੋਰ ਕਿਸਾਨਾਂ ਦੇ ਖੇਤਾਂ ਦੀ ਪਰਾਲੀ ਦੀਆਂ ਵੀ ਗੱਠਾਂ ਬਣਾ ਰਿਹਾ ਹੈ। ਉਹ ਬੇਲਰ ਮਸ਼ੀਨਾ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਪਿਛਲੇ ਕਈ ਸਾਲਾ ਤੋਂ ਮਾਲਵਾ ਪਾਵਰ ਪਲਾਂਟ ਪਿੰਡ ਗੁਲਾਬੇਵਾਲਾ ਨੂੰ ਸਪਲਾਈ ਕਰ ਰਿਹਾ ਹੈ, ਜਿਸ ਨਾਲ ਉਸਨੂੰ 1000/- ਤੋ 1500/- ਰੁਪਏ ਪ੍ਰਤੀ ਏਕੜ ਫਾਇਦਾ ਹੁੰਦਾ ਹੈ।
ਤ੍ਰਿਲੋਚਣ ਸਿੰਘ ਮੁਤਾਬਕ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਖੇਤੀ ਕਰਦਾ ਆ ਰਿਹਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਉਸਨੂੰ ਪਿੱਛਲੇ ਸਮੇਂ ਦੌਰਾਨ ਇਨਾਂ ਬੇਲਰ ਮਸ਼ੀਨਾਂ 'ਤੇ ਸਬਸਿਡੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਹ ਹੈਪੀ ਸੀਡਰ, ਜ਼ੀਰੋ ਟਿਲਜ ਡਰਿੱਲ ਨਾਲ ਜ਼ਮੀਨ ਨੂੰ ਬਿਨਾਂ ਵਹਾਈ ਕੀਤੇ ਕਣਕ ਦੀ ਬਿਜਾਈ ਕਰਦਾ ਹੈਂ। ਜਿਸ ਨਾਲ ਉਸਨੂੰ ਤਕਰੀਬਨ 1500/- ਰੁਪਏ ਪ੍ਰਤੀ ਏਕੜ ਦਾ ਫਾਇਦਾ ਹੁੰਦਾ ਹੈ। ਉਸਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਜ਼ਮੀਨ ਵਾਹ ਕੇ ਖਾਦਾਂ ਦੀ ਘਾਟ ਨੂੰ ਪੂਰਾ ਕਰਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।
ਇਸ ਸਬੰਧੀ ਜ਼ਿਲਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰਨ ।
ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ 15 ਨੂੰ ਚੱਕਾ ਜਾਮ
NEXT STORY