ਸਿੰਘੂ/ਟਿਕਰੀ ਬਾਰਡਰ (ਦੀਪਕ ਬਾਂਸਲ) : ਕਿਸਾਨ ਰਸੋਈ ਵਿਚ ਸਾਰਾ ਦਿਨ ਪਕਵਾਨ ਬਣ ਰਹੇ ਹਨ। ਨਾ ਭੰਡਾਰ ਦੀ ਕਮੀ ਹੈ ਅਤੇ ਨਾ ਹੀ ਰਸਦ ਸਪਲਾਈ ਰੁਕ ਰਹੀ ਹੈ। ਪੰਜਾਬ ਹੀ ਨਹੀਂ, ਹਰਿਆਣੇ ਦੇ ਪਿੰਡ-ਪਿੰਡ ਤੋਂ ਕਿਸਾਨਾਂ ਦੀ ਮਦਦ ਹੋ ਰਹੀ ਹੈ। ਹਰਿਆਣੇ ਦੇ ਕਿਸਾਨਾਂ ਦੀ ਗਿਣਤੀ ਵੀ ਹੁਣ ਬਾਰਡਰ ’ਤੇ ਲਗਾਤਾਰ ਵਧ ਰਹੀ ਹੈ। ਸਿਆਸਤਦਾਨਾਂ ਨੇ ਬੇਸ਼ੱਕ ਦੋਵੇਂ ਸੂਬਿਆਂ ਦੇ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਵੰਡਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹੋਣ ਪਰ ਇੱਥੇ ਬੈਠੇ ਕਿਸਾਨ ਸਭ ਗੱਲਾਂ ਨੂੰ ਭੁਲਾ ਕੇ ਸਿਰਫ਼ ਤੇ ਸਿਰਫ਼ ਆਪਣੀ ਸਾਂਝੀ ਮੰਗ ਲਈ ਅੰਦੋਲਨ ਕਰ ਰਹੇ ਹਨ।
ਇਹ ਵੀ ਪੜ੍ਹੋ : ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)

‘ਅੱਜ ਤੋਂ ਜ਼ਿਆਦਾ ਅਗਲੀ ਪੀੜ੍ਹੀ ਦੇ ਕੱਲ ਲਈ ਲੜ ਰਹੇ’
ਕਿਸਾਨਾਂ ਦੀ ਗੱਲਬਾਤ ਤੋਂ ਇਹ ਗੱਲ ਸਾਫ਼ ਹੈ ਕਿ ਉਹ ਆਪਣੇ ਅੱਜ ਤੋਂ ਜ਼ਿਆਦਾ ਅਗਲੀਆਂ ਪੀੜ੍ਹੀਆਂ ਦੇ ਕੱਲ ਲਈ ਲੜ ਰਹੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਜੇਕਰ ਹੁਣ ਹੱਲ ਨਾ ਹੋਇਆ ਤਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ। ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਨੇਤਾਵਾਂ ਵਲੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਕਿਸਾਨ ਹੁਣ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦਾ ਦੋ ਟੁਕ ਕਹਿਣਾ ਹੈ ਕਿ ਹੁਣ ਤਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ। ਉਥੇ ਹੀ, ਕੇਂਦਰ ਸਰਕਾਰ ਵਲੋਂ ਇਕ ਵਾਰ ਵੀ ਅਜਿਹਾ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸੋਚ ਰਹੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

‘ਕਾਨੂੰਨਾਂ ਵਿਚ ਸੋਧ ਦੀ ਗੱਲ ਕਿਸਾਨਾਂ ਨੂੰ ਮਨਜ਼ੂਰ ਨਹੀਂ’
ਹੁਣ ਤਕ ਕੇਂਦਰ ਸਰਕਾਰ ਸਿਰਫ਼ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ’ਤੇ ਚਰਚਾ ਅਤੇ ਕਾਨੂੰਨਾਂ ਵਿਚ ਕੁਝ ਸੋਧ ਕਰਨ ਦੀ ਗੱਲ ਤਾਂ ਕਹਿ ਰਹੀ ਹੈ ਪਰ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਹੈ। ਕਿਸਾਨ ਕੜਾਕੇ ਦੀ ਠੰਡ, ਮੀਂਹ ਅਤੇ ਖੁੱਲ੍ਹੇ ਆਸਮਾਨ ਹੇਠਾਂ ਅੰਦੋਲਨ ਕਰਨ ਲਈ ਮਜਬੂਰ ਹਨ। ਹੁਣ ਤਕ 40 ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਅੰਦੋਲਨ ਵਿਚ ਜਾ ਚੁੱਕੀ ਹੈ। ਇਨ੍ਹਾਂ ਵਿਚੋਂ ਕੁਝ ਬਾਰਡਰ ’ਤੇ ਹੀ ਵੱਖ-ਵੱਖ ਬੀਮਾਰੀਆਂ ਕਾਰਨ ਦਮ ਤੋੜ ਗਏ ਤਾਂ ਕੁਝ ਦੀ ਘਰ ਪਰਤਦੇ ਜਾਂ ਬਾਰਡਰ ’ਤੇ ਆਉਂਦੇ ਹੋਏ ਸੜਕ ਹਾਦਸਿਆਂ ਵਿਚ ਜਾਨ ਗਈ। ਪਿਛਲੇ ਹਫ਼ਤੇ ਵਿਚ ਵੀ 6 ਤੋਂ ਜ਼ਿਆਦਾ ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
21ਵੀਂ ਸਦੀ ਦਾ 21ਵਾਂ ਸਾਲ, ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਬਣੇ ਜਨਮਦਾਤੀ
NEXT STORY