ਸੰਗਰੂਰ (ਬੇਦੀ)— ਕੈਪਟਨ ਸਰਕਾਰ ਨੂੰ ਆਇਆ ਅਜੇ ਪੰਜ ਮਹੀਨੇ ਹੋਏ ਹਨ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਇਹ ਅੰਕੜੇ ਬੇਹੱਦ ਹੈਰਾਨ ਕਰ ਦੇਣ ਵਾਲੇ ਹਨ। ਇਹਨਾਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿਚ ਦਮਖਮ ਦਿਖਾਉਣ ਵਾਲੇ ਸਿਆਸੀ ਆਗੂਆਂ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋਂ ਜਿਆਦਾ ਪਰੇਸ਼ਾਨ ਹਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋਂ ਜਿਆਦਾ ਪਰੇਸ਼ਾਨ ਹਨ। ਆਮ ਆਦਮੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਦੇ ਸੰਸਦੀ ਖੇਤਰ ਸੰਗਰੂਰ ਵਿਚ ਵੀ ਕੁਝ ਅਜਿਹਾ ਹੀ ਆਲਮ ਹੈ। ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਆਦਾਤਰ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ। ਕਿਸਾਨਾਂ ਦੇ ਆਤਮ ਹੱਤਿਆ ਕਰਨ ਦਾ ਉਕਤ ਦਾਅਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਹੈ। ਹਾਲਾਂਕਿ ਯੂਨੀਅਨ ਦਾ ਦਾਅਵਾ ਹੈ ਕਿ ਜੇਕਰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿਸਾਨ ਆਤਮ ਹੱਤਿਆ ਦਾ ਅੰਕੜਾ 2 ਸੌ ਦੇ ਪਾਰ ਹੋਵੇਗਾ।
ਅੱਜ ਭਾਕਿਯੂ ਏਕਤਾ ਉਗਰਾਹਾਂ ਨੇ ਇਕ ਅਪ੍ਰੈਲ ਤੋਂ ਲੈ ਕੇ 7 ਅਗਸਤ ਤੱਕ ਪੰਜਾਬ ਵਿਚ ਆਰਥਿਕ ਤੰਗੀ ਦੇ ਚਲਦਿਆਂ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੀ ਸੂਚੀ ਜਾਰੀ ਕੀਤੀ ਹੈ। ਸੰਗਰੂਰ ਅਤੇ ਬਰਨਾਲਾ ਦੇ 40 ਤੋਂ ਜ਼ਿਆਦਾ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ। ਇਸ ਤੋਂ ਇਲਾਵਾ ਫਤਿਹਗੜ ਸਾਹਿਬ, ਪਟਿਆਲਾ, ਲੁਧਿਆਣਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਆਦਿ ਜ਼ਿਲ੍ਹਿਆਂ ਦੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਵੱਲੋਂ 80 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਸੰਬੰਧੀ ਦਾਅਵਾ ਕੀਤਾ ਗਿਆ ਸੀ ਜਦਕਿ ਉਕਤ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ। ਪੰਜਾਬ ਵਿਚ ਪਿਛਲੇ ਚਾਰ ਮਹੀਨਿਆਂ ਵਿੱਚ 2 ਸੌ ਤੋਂ ਜਿਆਦਾ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਕੁਝ ਮਾਮਲੇ ਤਾਂ ਸਾਹਮਣੇ ਵੀ ਨਹੀਂ ਆਉਂਦੇ ਹਨ। ਉਨਾਂ ਕਿਸਾਨਾਂ ਦੇ ਇਸ ਨਾਜ਼ੁਕ ਹਾਲਤ ਦੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰ, ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਕਿਸਾਨਾਂ ਦਾ ਕਰਜ ਮਾਫ ਕਰੇ।
ਸ਼੍ਰੀ ਕ੍ਰਿਸ਼ਨ ਜਨਮ ਉਤਸਵ ਕਮੇਟੀ ਵਲੋਂ 22ਵੀਂ ਸ਼ੋਭਾ ਯਾਤਰਾਂ ਦਾ ਆਗਾਜ਼
NEXT STORY