ਸੁਨਾਮ (ਮੰਗਲਾ) : ਮੰਗਲਵਾਰ ਸਵੇਰੇ ਫਤਿਹਵੀਰ ਸਿੰਘ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਗਿਆ ਸੀ। ਜਿਸ ਤੋਂ ਬਾਅਦ ਫਤਿਹਵੀਰ ਨੂੰ ਚੰਡੀਗੜ੍ਹ ਪੀ. ਜੀ. ਆਈ. ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਇਸ ਉਪਰੰਤ ਜ਼ਿਲਾ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ਭਲਕੇ (ਬੁੱਧਵਾਰ) ਨੂੰ ਰੋਸ ਵਜੋਂ ਸੰਗਰੂਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਫਤਿਹਵੀਰ ਸਿੰਘ ਮਾਮਲੇ 'ਚ ਕੁਤਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਵੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ।
ਪਰ ਇਸ ਦੇ ਬਾਵਜੂਦ ਫਤਿਹਵੀਰ ਸਿੰਘ ਦੇ ਦਾਦਾ ਜੀ ਸ੍ਰੀ ਰੋਹੀ ਜੀ ਮੀਡੀਆ ਸਾਹਮਣੇ ਆਏ। ਭਾਵੁਕ ਹੁੰਦਿਆਂ ਉਨ੍ਹਾਂ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ ਸਮੂਹ ਸੰਗਤ ਅਤੇ ਪ੍ਰਸ਼ਾਸਨ ਵੱਲੋਂ ਫਤਿਹਵੀਰ ਨੂੰ ਬਚਾਉਣ ਲਈ ਬਹੁਤ ਉਪਰਾਲੇ ਕੀਤੇ ਗਏ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਆਪਾ ਸਾਰੇ ਫਤਿਹ ਦੇ ਨਾਂ 'ਤੇ ਆਮ ਲੋਕਾਂ ਨੂੰ ਤੰਗ ਨਾ ਕਰੀਏ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਧਰਨਾ ਨਾ ਲਗਾਇਆ ਜਾਵੇ ਅਤੇ ਸ਼ਾਂਤੀ ਬਣਾਈ ਰੱਖੀਏ ਤਾਂ ਜੋ ਅਸੀਂ ਉਸ ਦੀ ਮਿੱਟੀ ਨੂੰ ਸ਼ਾਂਤੀ ਨਾਲ ਸਮੇਟ ਸਕੀਏ। ਉਨ੍ਹਾਂ ਨੇ ਸੜਕਾਂ ਦੇ ਜਾਮ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਭ ਨੂੰ ਆਪੋ ਆਪਣੇ ਧਾਰਮਿਕ ਸਥਾਨਾਂ 'ਤੇ ਫਤਿਹ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ 5 ਦਿਨ ਤੋਂ ਜ਼ਿਆਦਾ ਸਾਡੀ ਮਦਦ ਕੀਤੀ।
ਦੱਸਣਯੋਗ ਹੈ ਕਿ ਪੀ. ਜੀ. ਆਈ. 'ਚ ਪੰਜ ਡਾਕਟਰਾਂ ਦੇ ਪੈਨਲ ਵਲੋਂ ਫਤਿਹਵੀਰ ਸਿੰਘ ਦਾ ਕੀਤਾ ਜਾ ਰਿਹਾ ਪੋਸਟਮਾਰਟਮ ਮੁਕੰਮਲ ਹੋ ਗਿਆ ਹੈ। ਸੂਤਰਾਂ ਮੁਤਾਬਕ ਫਤਿਹਵੀਰ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਪ੍ਰਸ਼ਾਸਨ ਵਲੋਂ ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਲਈ ਰਵਾਨਾ ਕਰ ਦਿੱਤੀ ਗਈ ਹੈ ਜਦਕਿ ਮੀਡੀਆ ਕਰਮਚਾਰੀ ਅਤੇ ਹੋਰ ਲੋਕ ਪੀ. ਜੀ. ਆਈ. ਦੇ ਮੁੱਖ ਗੇਟ 'ਤੇ ਮੌਜੂਦ ਸਨ। ਹੁਣ ਫਤਿਹਵੀਰ ਦੀ ਲਾਸ਼ ਸੰਗਰੂਰ ਪੁੱਜ ਗਈ ਹੈ।
ਫਤਿਹ ਦੀ ਮੌਤ ਤੋਂ ਬਾਅਦ ਅਕਾਲੀ ਦਲ ਨੇ ਕੈਪਟਨ ਨੂੰ ਲਿਆ ਲੰਮੇ ਹੱਥੀਂ
NEXT STORY