ਜਲੰਧਰ (ਸੋਨੂੰ)— ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗਿਆ ਮਾਸੂਮ ਫਤਿਹਵੀਰ ਸਿੰਘ ਆਖਿਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਅੱਜ 6 ਦਿਨ ਬਾਅਦ ਸਵੇਰੇ ਜਦੋਂ ਸਾਢੇ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਿਆ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਫਤਿਹਵੀਰ ਦੀ ਮੌਤ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਫਤਿਹ ਦੀ ਮੌਤ ਤੋਂ ਬਾਅਦ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।
ਜਲੰਧਰ ਦੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਜਿੱਥੇ ਫਤਿਹਵੀਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਹੀ ਟੀਨੂੰ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ 'ਤੇ 5 ਦਿਨਾਂ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਪ੍ਰਸ਼ਾਸਨ ਦਾ ਮਿਸ਼ਨ ਵੀ ਫੇਲ ਰਿਹਾ। ਉਨ੍ਹਾਂ ਕਿਹਾ ਕਿ ਅਤਿ ਘਟੀਆ ਦਰਜੇ ਦੇ ਤਰੀਕੇ ਵਰਤਣ ਕਰਕੇ ਫਤਿਹ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਸ ਘਟਨਾ 'ਤੇ ਬਿਲਕੁਲ ਵੀ ਤਵਜੋ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਜੰਗ ਮਾਸੂਮ ਫਤਿਹਵੀਰ ਨਹੀਂ ਹਾਰਿਆ ਸਗੋਂ ਸਮੂਹ ਪੰਜਾਬੀਆਂ ਨੂੰ ਆਪਣੀ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਿਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਹੀ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਆਧੁਨਿਕ ਤਰੀਕੇ ਅਪਣਾਉਣੇ ਚਾਹੀਦੇ ਸਨ ਅਤੇ ਬੱਚੇ ਨੂੰ ਬਚਾਉਣਾ ਚਾਹੀਦਾ ਸੀ। ਕੈਪਟਨ ਦੀ ਨਾਲਾਇਕੀ ਕਰਕੇ ਪੰਜਾਬ ਦੇ ਮੱਥੇ 'ਤੇ ਕਾਲੇ ਕਲੰਕ ਦਾ ਟਿੱਕਾ ਹੈ, ਜਿਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਬੇਹੱਦ ਹੀ ਘਟੀਆ ਤਰੀਕੇ ਨਾਲ ਸਾਰਾ ਮਿਸ਼ਨ ਚਲਾਇਆ ਗਿਆ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਵੀ ਲੋਕ ਪ੍ਰਸ਼ਾਸਨ ਦੇ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
'ਫਤਿਹ' ਨੂੰ 15 ਮਿੰਟਾਂ 'ਚ ਬਾਹਰ ਕੱਢਣ ਵਾਲੇ ਸ਼ਖਸ 'ਤੇ ਬੈਂਸ ਦਾ ਵੱਡਾ ਬਿਆਨ
NEXT STORY