ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਦੀ ਅਦਾਲਤ ਨੇ ਲਗਭਗ ਦੋ ਸਾਲ ਪਹਿਲਾਂ ਆਪਣੇ ਪਿਤਾ ਦੀ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕੁੱਟ-ਮਾਰ ਕਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਸਾਊਥ ਮੋਗਾ ਵਿਚ ਨਾਮਜ਼ਦ ਕੀਤੇ ਗਏ ਪੁੱਤਰ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੀ ਭਾਰੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਘਟਨਾ ਦਾ ਕਾਰਨ ਜ਼ਾਇਦਾਦ ਦਾ ਝਗੜਾ ਦੱਸਿਆ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਪੱਖ ਨੇ ਆਪਣੇ ਵਕੀਲ ਐਡਵੋਕੇਟ ਅਮਿਤ ਮਿੱਤਲ ਰਾਹੀਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ, ਜਿਸ ਦੇ ਆਧਾਰ ’ਤੇ ਮਾਣਯੋਗ ਅਦਾਲਤ ਨੇ ਇਸ ਮਾਮਲੇ ’ਚ ਸਬੂਤਾਂ ਦੀ ਭਾਰੀ ਘਾਟ ਨੂੰ ਦੇਖਦੇ ਹੋਏ ਇਸ ਮਾਮਲੇ ’ਚ ਨਾਮਜ਼ਦ ਚਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਇਕਬਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚੜਿੱਕ ਵੱਲੋਂ 28 ਜੁਲਾਈ 2022 ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮ੍ਰਿਤਕ ਬੂਟਾ ਸਿੰਘ ਆਪਣੀ ਐਕਟਿਵਾ ਸਕੂਟਰੀ ’ਤੇ ਮੋਗਾ ਤੋਂ ਆਪਣੀ ਡਿਊਟੀ ਦੇ ਬਾਅਦ ਪਿੰਡ ਵੱਲ ਵਾਪਸ ਜਾ ਰਿਹਾ ਸੀ ਕਿ ਇਸ ਦੌਰਾਨ ਇਕ ਕਾਰ ਵੱਲੋਂ ਉਸ ਦੀ ਐਕਟਿਵਾ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਕਾਰ ਵਿਚੋਂ ਉਸਦਾ ਬੇਟਾ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ, ਪੁਨੀਤ ਕੁਮਾਰ ਉਰਫ਼ ਮਿੰਨੀ ਅਤੇ ਰੋਹਿਤ ਕੁਮਾਰ ਨੇ ਕਾਰ ਵਿਚੋਂ ਬਾਹਰ ਆ ਕੇ ਬੂਟਾ ਸਿੰਘ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ, ਜਿਸ ’ਤੇ ਪੁਲਸ ਨੇ 28 ਜੁਲਾਈ 2022 ਨੂੰ ਹਰਪ੍ਰੀਤ ਹੈਪੀ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੰਤਿਮ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ।
ਕ੍ਰਾਈਮ ਬ੍ਰਾਂਚ ਵੱਲੋਂ ਹੈਰੋਇਨ ਸਣੇ ਨਸ਼ਾ ਤਸਕਰ ਕਾਬੂ
NEXT STORY