ਫਾਜ਼ਿਲਕਾ (ਸੁਨੀਲ ਨਾਗਪਾਲ) - ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋਂ ਪੂਰੇ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਭਿਆਨਕ ਬੀਮਾਰੀ ਦੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿਹਤ ਮੰਤਰੀ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਹਿਤਿਆਤ ਵਜੋਂ 31 ਮਾਰਚ ਤੱਕ ਜਨਤਕ ਥਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤੱਕ ਬੰਦ ਰੱਖਣ ਲਈ ਵੀ ਕਿਹਾ ਗਿਆ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਬਾਵਜੂਦ ਫਾਜ਼ਿਲਕਾ ਦੇ ਸਰਕਾਰ ਹਸਪਤਾਲ ’ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਥੇ ਖੜ੍ਹੇ ਹੋ ਕੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।
ਇਸ ਮਾਮਲੇ ਦੇ ਸਬੰਧ ’ਚ ਜਦੋਂ ਹਸਪਤਾਲ ਦੇ ਐੱਸ.ਐੱਮ.ਓ. ਸੁਧੀਰ ਪਾਠਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਸਭ ਨੂੰ ਹੈਰਾਨ ਕਰ ਦੇਣ ਵਾਲੇ ਦਿੱਤੇ। ਪੱਤਰਕਾਰ ਨੇ ਜਦੋਂ ਐੱਸ.ਐੱਮ.ਓ. ਨੂੰ ਜਦੋਂ ਹਸਪਤਾਲ ’ਚ ਇਕੱਟੀ ਹੋ ਰਹੀ ਭੀੜ ਦੇ ਬਾਰੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਈ ਵਾਰ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਹਿ ਚੁੱਕੇ ਹਨ ਪਰ ਅਨਪੜ੍ਹ ਲੋਕ ਉਨ੍ਹਾਂ ਦੀ ਗੱਲ ਹੀ ਨਹੀਂ ਸੁਣ ਰਹੇ। ਮਾਸਕ ਲਗਾਉਣ ਦੇ ਬਾਰੇ ਪੁੱਛੇ ਗਏ ਸਵਾਰ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਾਸਕ ਲਗਾਉਣ ਦੀ ਕੋਈ ਜ਼ਰੂਰਤ ਨਹੀਂ। ਸਰਕਾਰ ਦੀ ਹਦਾਇਤ ਇਹ ਨਹੀਂ ਲੋਕ ਮਾਸਕ ਲਗਾਉਣ। ਵਾਇਰਸ ਦੇ ਖਿਲਾਫ ਮਾਸਕ ਦਾ ਕੋਈ ਕੰਟਰੋਲ ਨਹੀਂ। ਮਾਸਕ ਦੀ ਵਰਤੋਂ ਪੀੜਤ ਵਿਅਕਤੀ ਦੇ ਲਈ ਜ਼ਰੂਰੀ ਹੈ।
ਦੱਸ ਦੇਈਏ ਕਿ ਫਾਜ਼ਿਲਕਾ ਦੇ ਹਸਪਤਾਲ ’ਚ ਲੋਕ ਵੱਡੀ ਗਿਣਤੀ ’ਚ ਆਪਣਾ ਇਲਾਜ ਅਤੇ ਮੈਡੀਕਲ ਜਾਂਚ ਕਰਵਾਉਣ ਲਈ ਆ ਰਹੇ ਹਨ। ਅਲਰਟ ਜਾਰੀ ਹੋਣ ਦੇ ਬਾਵਜੂਦ ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਹਸਪਤਾਲ ’ਚ ਕੋਈ ਵੀ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ। ਹਸਪਤਾਲ ’ਚ ਆਏ ਹੋਏ ਲੋਕ ਬਿਨਾ ਮਾਸਕ ਪਾਏ ਇਕ ਦੂਜੇ ਦੇ ਨਾਲ ਲੱਗ ਕੇ ਖੜ੍ਹੇ ਹੋ ਰਹੇ ਹਨ। ਹਸਪਤਾਲ ’ਚ ਮੌਜੂਦ ਕਿਸੇ-ਕਿਸੇ ਡਾਕਟਰਾਂ ਵਲੋਂ ਮਾਸਕ ਦੀ ਵਰਤੋਂ ਕੀਤੀ ਗਈ ਹੈ, ਇਸ ਦੇ ਬਾਵਜੂਦ ਕਈ ਲੋਕ ਵੱਧ ਰਹੀ ਇਸ ਭੀੜ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਲੋਕ ਲਾਈਨਾਂ ’ਚ ਲੱਗ ਕੇ ਪਰਚੀ ਕੱਟਵਾ ਰਹੇ ਹਨ ਅਤੇ ਮੈਡੀਕਲ ਜਾਂਚ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
ਹੈਰੋਇਨ ਸਮੇਤ 3 ਨੌਜਵਾਨ ਗ੍ਰਿਫਤਾਰ
NEXT STORY