ਕਾਠਗਡ਼੍ਹ,(ਰਾਜੇਸ਼)-ਬਲਾਚੌਰ-ਰੂਪਨਗਰ ਰਾਸ਼ਟਰੀ ਰਾਜਮਾਰਗ ’ਤੇ ਪੈਂਦੇ ਸਨਅਤੀ ਖੇਤਰ ਟੋਂਸਾ ਦੇ ਨਜ਼ਦੀਕ ਵੱਖ-ਵੱਖ ਫੈਕਟਰੀਆਂ ’ਚ ਸਾਮਾਨ ਲੈ ਕੇ ਆਉਣ ਵਾਲੇ ਵੱਡੇ-ਵੱਡੇ ਵਾਹਨਾਂ ਦੇ ਮਾਰਗ ਨਾਲ ਖਡ਼੍ਹਨ ਨਾਲ ਲੋਕਾਂ ਨੂੰ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਜਾਣਕਾਰੀ ਮੁਤਾਬਿਕ ਉਕਤ ਸਨਅਤੀ ਖੇਤਰ ਵਿਚ ਜਿੰਨੀਆਂ ਵੀ ਫੈਕਟਰੀਆਂ ਹਨ, ਉਨ੍ਹਾਂ ਵਿਚ ਦੂਰ-ਦੁਰਾਡੇ ਤੋਂ ਜੋ ਵੱਡੇ-ਵੱਡੇ ਟਰੱਕ ਅਤੇ ਟੈਂਕਰ ਕੈਮੀਕਲਜ਼ ਤੇ ਹੋਰ ਸਾਮਾਨ ਲੈ ਕੇ ਆਉਂਦੇ ਹਨ, ਉਹ ਫੈਕਟਰੀਆਂ ਵਿਚ ਖਡ਼੍ਹਨ ਦੀ ਬਜਾਏ ਹਾਈਵੇ ਦੇ ਨਾਲ-ਨਾਲ ਹੀ ਖਡ਼੍ਹ ਜਾਂਦੇ ਹਨ, ਜਿਸ ਨਾਲ ਹਾਈਵੇ ’ਤੇ ਭਾਰੀ ਮਾਤਰਾ ਵਿਚ ਚੱਲਦੇ ਦੂਜੇ ਵਾਹਨਾਂ ਨੂੰ ਹਰ ਸਮੇਂ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਰਾਤ ਦੇ ਹਨੇਰੇ ਵਿਚ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ ਅਤੇ ਤੇਜ਼ ਰਫਤਾਰ ਵਾਹਨ ਚਾਲਕਾਂ ਨੂੰ ਖਡ਼੍ਹੇ ਵਾਹਨਾਂ ਬਾਰੇ ਨੇਡ਼ੇ ਆ ਕੇ ਹੀ ਪਤਾ ਚੱਲਦਾ ਹੈ। ਇਸ ਤੋਂ ਇਲਾਵਾ ਮਾਰਗ ਤੋਂ ਗੁਜ਼ਰਦੇ ਵੱਡੇ ਵਾਹਨਾਂ ਨੂੰ ਕਰਾਸਿੰਗ ਸਮੇਂ ਵੀ ਮੁਸ਼ਕਲ ਪੇਸ਼ ਆਉਂਦੀ ਹੈ। ਲੋਕਾਂ ਨੇ ਟਰੈਫਿਕ ਪੁਲਸ ਤੋਂ ਮੰਗ ਕੀਤੀ ਹੈ ਕਿ ਹਾਈਵੇ ’ਤੇ ਖਡ਼੍ਹਦੇ ਇਨ੍ਹਾਂ ਭਾਰੀ ਵਾਹਨਾਂ ਪ੍ਰਤੀ ਸਖਤੀ ਕੀਤੀ ਜਾਵੇ।
ਬਣਦੀ ਕਾਰਵਾਈ ਕੀਤੀ ਜਾਵੇਗੀ : ਪੁਲਸ ਮੁਲਾਜ਼ਮ
ਉਕਤ ਸਮੱਸਿਆ ਨੂੰ ਲੈ ਕੇ ਜਦੋਂ ਹਾਈਵੇ ’ਤੇ ਲੱਗੇ ਪੱਕੇ ਨਾਕੇ ਦੇ ਪੁਲਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਕਈ ਵਾਰ ਫੈਕਟਰੀਆਂ ਦੇ ਪ੍ਰਬੰਧਕਾਂ ਨੂੰ ਹਾਈਵੇ ’ਤੇ ਵਾਹਨ ਖਡ਼੍ਹੇ ਨਾ ਕਰਨ ਸਬੰਧੀ ਕਹਿ ਚੁੱਕੇ ਹਾਂ ਪ੍ਰੰਤੂ ਉਹ ਇਸ ਗੱਲ ਨੂੰ ਅਣਗੌਲਿਆਂ ਕਰੀ ਜਾ ਰਹੇ ਹਨ ਅਤੇ ਹੁਣ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ‘ਸ਼ਹੀਦਾਂ’ ਦਾ ਦਰਜਾ ਦਿਵਾਉਣ ਲਈ ਦਿੱਤਾ ਧਰਨਾ
NEXT STORY