ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਪਿੰਡ ਕੱਬਰਵੱਛਾ ਨੇੜਿਓਂ ਲੰਘਦੀਆਂ ਰਾਜਸਥਾਨ ਨੂੰ ਜਾਂਦੀਆਂ ਵੱਡੀਆਂ ਨਹਿਰਾਂ ’ਚ ਬੀਤੇ ਦਿਨ ਕਾਰ ਡਿੱਗ ਗਈ ਸੀ, ਜਿਸ ’ਚ ਕਾਰ ਸਵਾਰ 3 ਲੋਕ ਡੁੱਬ ਗਏ ਹਨ। ਗੋਤਾਖੋਰਾਂ ਦੀ ਮਦਦ ਨਾਲ ਕਾਰ ’ਚ ਸਵਾਰ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ ਮਹਿਲਾ ਦੇ ਭਰਾ ਦੀ ਭਾਲ ਅਜੇ ਵੀ ਜਾਰੀ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ਾਮ ਦੇ ਸਮੇਂ ਪਿੰਡ ਕੈਲਾਸ਼ ਦੇ ਕੁਝ ਕਿਸਾਨ ਆਪਣੇ ਖੇਤਾਂ ’ਚ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ 1 ਕਾਰ ਨਹਿਰ ’ਚ ਡਿੱਗ ਪਈ। ਕਿਸਾਨਾਂ ਵਲੋਂ ਰੌਲਾ ਪਾਉਣ ’ਤੇ ਲਾਗਲੇ ਪਿੰਡ ਕੈਲਾਸ਼ ਅਤੇ ਕੱਬਰਵੱਛਾ ਦੇ ਲੋਕ ਨਹਿਰ ਕੰਢੇ ਇਕੱਠੇ ਹੋ ਗਏ।
ਮੌਕੇ ’ਤੇ ਪੁੱਜੇ ਪੁਲਸ ਥਾਣਾ ਘੱਲ ਖੁਰਦ ਦੇ ਮੁੱਖ ਅਫਸਰ ਇੰਸਪੈਕਟਰ ਕ੍ਰਿਪਾਲ ਸਿੰਘ ਪੁਲਸ ਪਾਰਟੀ ਨਾਲ ਰਾਹਤ ਕਾਰਜਾਂ ’ਚ ਲੱਗ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ 1 ਨੌਜਵਾਨ ਆਪਣੇ ਪਰਿਵਾਰ ਸਣੇ ਸਹੁਰੇ ਪਿੰਡ ਸ਼ਕੂਰ ਵਿਖੇ ਵਿਆਹ ’ਚ ਗਿਆ ਸੀ, ਜੋ ਆਪਣੀ ਪਤਨੀ ਅਤੇ ਉਸ ਦੇ ਭਰਾ ਨਾਲ ਵਾਪਸ ਕਾਰ ’ਚ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨਹਿਰ ’ਚ ਜਾ ਡਿੱਗੀ। ਪ੍ਰਸ਼ਾਸਨ ਨੇ ਜੇ. ਸੀ. ਬੀ. ਮਸ਼ੀਨ ਲਗਾ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਣ ਤੋਂ ਬਾਅਦ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਕਾਰਵਾਈ ਕਰਦੇ ਹੋਏ ਪਿੰਡ ਮੋਰਾਂਵਾਲੀ (ਫਰੀਦਕੋਟ) ਦੇ ਵਾਸੀ ਮਨਦੀਪ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਦੀਆਂ ਲਾਸ਼ਾਂ ਕੱਢ ਲਈਆਂ ਹਨ, ਜਦਕਿ ਨੌਜਵਾਨ ਦੇ ਸਾਲੇ ਜਤਿੰਦਰ ਸਿੰਘ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉੱਤਰ ਗਿਐ : ਢੀਂਡਸਾ
NEXT STORY