ਫਿਰੋਜ਼ਪੁਰ (ਸਨੀ ਚੋਪੜਾ)-ਪਿੰਡ ਬਜੀਦਪੁਰ ਵਿਖੇ ਨਸ਼ਾ ਸਪਲਾਈ ਹੋਣ ਦੀ ਵਾਇਰਲ ਹੋਈ ਵੀਡੀਓ ਮਗਰੋਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਸ ਨੇ ਨਸ਼ਾ ਸਮੱਗਲਰਾਂ ਦੀ ਪੌਣੇ 3 ਕਰੋੜ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਕਾਰਜ ਆਰੰਭਿਆ ਹੈ। ਪੁਲਸ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਵਿਰੁੱਧ ਕਾਰਵਾਈ ਕਰਦਿਆਂ ਜਿਥੇ ਛੇ ਮੁਲਜ਼ਮਾਂ ਦੀ ਪ੍ਰਾਪਰਟੀ ਜ਼ਬਤ ਕਰਨ ਲਈ ਕੇਸ ਭੇਜਿਆ ਗਿਆ, ਉਥੇ ਹੀ ਚਾਰਾਂ ਦੀ ਪ੍ਰਵਾਨਗੀ ਆਉਣ ਦਾ ਦਾਅਵਾ ਕਰਦਿਆਂ ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬਾਕੀ ਦੋਵਾਂ ਦੇ ਕੇਸਾਂ ਦੀਆਂ ਤਰੁੱਟੀਆਂ ਵੀ ਦੂਰ ਕੀਤੀਆਂ ਜਾ ਰਹੀਆਂ ਹਨ। ਨਸ਼ਾ ਸਮੱਗਲਰਾਂ ਦੀ 2 ਕਰੋੜ 71 ਲੱਖ ਦੀ ਰਿਹਾਇਸ਼ੀ, ਖੇਤੀਬਾੜੀ ਵਾਲੀ ਜ਼ਮੀਨ ਜ਼ਬਤ ਕਰਨ ਦਾ ਦਾਅਵਾ ਕਰਦਿਆਂ ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਹਰਮਨ ਹੰਸ ਨੇ ਸਪੱਸ਼ਟ ਕੀਤਾ ਕਿ ਸਾਡੇ ਕੋਲ 250 ਅਜਿਹੇ ਮੁਲਜ਼ਮਾਂ ਦੀ ਲਿਸਟ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਅਜਿਹੇ ਵਿਅਕਤੀਆਂ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਕਾਰਜ ਲੰਬਾ ਹੁੰਦਾ ਹੈ ਪਰ ਅਜਿਹਾ ਹੋਣ ਨਾਲ ਨਸ਼ੇ ਦੀ ਸਮੱਗਲਿੰਗ ਰੁਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਨਸ਼ੇ ਸਮੇਤ ਕਾਬੂ ਕੀਤੇ ਹਰ ਵਿਅਕਤੀ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਇਕ ਹਫਤੇ ’ਚ 45 ਮੁਕੱਦਮੇ ਦਰਜ ਹੋਏ ਹਨ। ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਜਾਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੂਰੀ ਮੁਸ਼ਤੈਦੀ ਨਾਲ ਕਾਰਜ ਕਰ ਰਹੇ ਹਾਂ ਪਰ ਜਦੋਂ ਮੰਗ ਖਤਮ ਹੋਵੇਗੀ, ਨਸ਼ੇ ਦੀ ਸਪਲਾਈ ਆਪਣੇ-ਆਪ ਹੀ ਖਤਮ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਨਸ਼ਿਆਂ ਦਾ ਪੂਰਨ ਖਾਤਮਾ ਕੀਤਾ ਜਾਵੇਗਾ।
ਭਿਆਨਕ ਹਾਦਸੇ ’ਚ ਹੌਲਦਾਰ ਕਸ਼ਮੀਰ ਸਿੰਘ ਦੀ ਮੌਤ, ਕੁੱਝ ਦਿਨ ਬਾਅਦ ਬਣਨਾ ਸੀ ਥਾਣੇਦਾਰ
NEXT STORY