ਗੜ੍ਹਸ਼ੰਕਰ (ਸ਼ੋਰੀ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸੱਤਾ ’ਤੇ ਕਬਜ਼ਾ ਕਰਨ ਲਈ ਕੇਜਰੀਵਾਲ, ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ’ਚ ਝੂਠੇ ਵਾਅਦੇ ਕਰਨ ਦਾ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ ਅਤੇ ਹਰ ਕੋਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ’ਚ ਲੱਗਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦਾ ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਮਨ ਭਰ ਚੁੱਕਾ ਹੈ ਤੇ ਲੋਕਾਂ ਨੂੰ ਸਿਰਫ਼ ਭਾਰਤੀ ਜਨਤਾ ਪਾਰਟੀ ਤੋਂ ਹੀ ਉਮੀਦ ਹੈ, ਜੋ ਕੀਤੇ ਵਾਅਦਿਆਂ ਨੂੰ ਪੂਰਾ ਕਰ ਸਕਦੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਘੱਟ ਨਹੀਂ ਸਮਝਦੇ, ਇਸ ਲਈ ਅਸੀਂ ਹਰ ਪਾਰਟੀ ਨਾਲ ਡਟਵਾਂ ਮੁਕਾਬਲਾ ਕਰਾਂਗੇ। ਆਪਣੀ ਪਾਰਟੀ ਦੇ ਚੋਣ ਐਲਾਨ ਪੱਤਰ ਨੂੰ ਸੰਕਲਪ ਪੱਤਰ ਦਾ ਨਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜੋ ਵਾਅਦੇ ਕਰਾਂਗੇ, ਉਹ ਪੂਰੇ ਵੀ ਕਰਾਂਗੇ। ਚੋਣ ਐਲਾਨ ਪੱਤਰ ਦੇ ਜਲਦ ਜਨਤਕ ਹੋਣ ਦੀ ਉਨ੍ਹਾਂ ਗੱਲ ਵੀ ਆਖੀ। ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤੇ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬਤੌਰ ਪਾਰਟੀ ਸੂਬਾ ਪ੍ਰਧਾਨ ਹੋਣ ’ਤੇ 117 ਸਾਰੀਆਂ ਸੀਟਾਂ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਦੀਆਂ ਪਹੁੰਚੇ ਨਵਜੋਤ ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ, ਖੜ੍ਹੇ ਕੀਤੇ ਵੱਡੇ ਸਵਾਲ
ਅਕਾਲੀ ਆਗੂ ਸਿਰਸਾ ਦੇ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਸਿੱਖ ਧਰਮ ਲਈ ਉਨ੍ਹਾਂ ਦੇ ਕੰਮ ਅਤੇ ਸ਼੍ਰੀਨਗਰ ਤੇ ਅਫ਼ਗਾਨਿਸਤਾਨ ਸਬੰਧੀ ਉਨ੍ਹਾਂ ਦੇ ਸਪੱਸ਼ਟ ਸਟੈਂਡ ਹਮੇਸ਼ਾ ਸ਼ਲਾਘਾਯੋਗ ਰਹੇ ਹਨ। ਖੇਤੀ ਬਿੱਲ ਰੱਦ ਹੋਣ ਉਪਰੰਤ ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਬਿਆਨ ਕਾਫੀ ਵੱਡਾ ਸੰਦੇਸ਼ ਹੈ। ਦੱਸਣਯੋਗ ਹੈ ਕਿ ਅਸ਼ਵਨੀ ਸ਼ਰਮਾ ਅੱਜ ਇਥੇ ਭਾਜਪਾ ਦੇ ਚਾਰੋਂ ਮੰਡਲਾਂ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ, ਜੋ ਉਨ੍ਹਾਂ ਵੱਲੋਂ ਹਰ ਵਿਧਾਨ ਸਭਾ ਹਲਕੇ ’ਚ ਉਲੀਕੇ ਕਾਰਜ ਦਾ ਇਕ ਹਿੱਸਾ ਹੈ ਤੇ ਇਸ ਲੜੀ ਤਹਿਤ ਉਹ 20ਵੀਂ ਵਿਧਾਨ ਸਭਾ ਗੜ੍ਹਸ਼ੰਕਰ ’ਚ ਪਹੁੰਚੇ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਅਤੇ ਮੰਡਲ ਗੜ੍ਹਸ਼ੰਕਰ ਤੋਂ ਪ੍ਰਧਾਨ ਜਸਵਿੰਦਰ ਰਾਣਾ, ਬੀਤ ਮੰਡਲ ਤੋਂ ਪ੍ਰਧਾਨ ਪ੍ਰਦੀਪ ਰੰਗੀਲਾ, ਸੈਲਾ ਖੁਰਦ ਮੰਡਲ ਤੋਂ ਪ੍ਰਧਾਨ ਅਸ਼ਵਨੀ ਰਾਣਾ ਤੇ ਮਾਹਿਲਪੁਰ ਮੰਡਲ ਤੋਂ ਪ੍ਰਧਾਨ ਅਮਰਜੀਤ ਸਿੰਘ ਭਿੰਦਾ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਦ੍ਰਿੜ ਇਰਾਦਿਆਂ ਵਾਲੇ ਸਰਕਾਰਾਂ ਦੇ ਜ਼ਬਰ ਜ਼ੁਲਮ ਤੋਂ ਘਬਰਾਉਦੇ ਨਹੀ : ਮਜੀਠੀਆ
NEXT STORY