ਗੁਰਦਾਸਪੁਰ, (ਹਰਮਨਪ੍ਰੀਤ)- ਜ਼ਿਲਾ ਗੁਰਦਾਸਪੁਰ ਅੰਦਰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਅੱਜ ਤੁਰੰਤ ਕਾਰਵਾਈ ਕਰਦਿਆਂ ਪਿੰਡ ਤੁੰਗ ਵਿਖੇ ਖੇਤਾਂ ਵਿਚ ਅੱਗ ਲਾਉਣ ਵਾਲੇ ਇਕ ਕਿਸਾਨ ਨੂੰ ਜੁਰਮਾਨਾ ਕੀਤਾ ਹੈ।
ਇਕੱਤਰ ਵੇਰਵਿਆਂ ਮੁਤਾਬਕ ਪਿੰਡ ਤੁੰਗ ਵਿਚ ਸਵੇਰੇ 11 ਵਜੇ ਇਕ ਕਿਸਾਨ ਨੇ ਆਪਣੇ ਖੇਤਾਂ ਵਿਚ ਕਣਕ ਦੀ ਕਟਾਈ ਕਰਨ ਉਪਰੰਤ ਨਾੜ ਨੂੰ ਅੱਗ ਲਾ ਦਿੱਤੀ। ਦੇਖਦੇ ਹੀ ਦੇਖਦੇ ਇਹ ਅੱਗ ਨਾਲ ਦੇ ਖੇਤਾਂ ਤੱਕ ਪਹੁੰਚ ਗਈ। ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਕਾਫੀ ਜੱਦੋ-ਜਹਿਦ ਕਰ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝਾਉਣ ਵਿਚ ਅਸਫਲ ਰਹਿਣ ਕਾਰਨ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਰਮੇਸ਼ ਸ਼ਰਮਾ ਦੀ ਅਗਵਾਈ ਹੇਠ ਬਲਾਕ ਗੁਰਦਾਸਪੁਰ ਨਾਲ ਸਬੰਧਤ ਖੇਤੀਬਾੜੀ ਵਿਸਥਾਰ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੀ ਮੌਕੇ 'ਤੇ ਪਹੁੰਚ ਗਈ, ਜਿਸ ਨੇ ਤੁਰੰਤ ਥਾਣਾ ਸਦਰ ਦੀ ਪੁਲਸ ਅਤੇ ਸਬੰਧਤ ਪਟਵਾਰੀ ਨੂੰ ਸੂਚਿਤ ਕੀਤਾ। ਕੁਝ ਹੀ ਮਿੰਟਾਂ 'ਚ ਥਾਣਾ ਸਦਰ ਦੇ ਮੁਖੀ ਰਜਿੰਦਰ ਕੁਮਾਰ ਅਤੇ ਏ. ਐੱਸ. ਆਈ. ਹਰਜੀਤ ਸਿੰਘ ਤੋਂ ਇਲਾਵਾ ਪੁਲਸ ਫੋਰਸ ਅਤੇ ਸਬੰਧਤ ਪਟਵਾਰੀ ਵੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਦੀ ਹਾਜ਼ਰੀ ਵਿਚ ਖੇਤੀਬਾੜੀ ਵਿਸਥਾਰ ਅਫ਼ਸਰ ਬਲਜਿੰਦਰਜੀਤ ਸਿੰਘ ਨੇ ਅੱਗ ਲਾਉਣ ਵਾਲੇ ਕਿਸਾਨ ਦਾ ਚਲਾਨ ਕੱਟ ਕੇ ਉਸ ਨੂੰ ਮੌਕੇ 'ਤੇ ਜੁਰਮਾਨਾ ਕੀਤਾ।
ਸੰਮਤੀ ਮੁਲਾਜ਼ਮਾਂ ਨੇ ਏ. ਡੀ. ਸੀ. ਵਿਕਾਸ ਦੇ ਦਫ਼ਤਰ ਅੱਗੇ ਲਾਇਆ ਧਰਨਾ
NEXT STORY