ਮਾਛੀਵਾੜਾ ਸਾਹਿਬ (ਟੱਕਰ) : ਬੀਤੇ ਦਿਨ ਸ਼ਾਮ 5 ਵਜੇ ਗਣਪਤੀ ਮਹਾਉਤਸਵ ਦੀ ਸ਼ੋਭਾ ਯਾਤਰਾ ਦੌਰਾਨ ਨੌਜਵਾਨ ਬਲਰਾਮ ਸਾਹਨੀ (35) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਦੇ ਦੋਸ਼ ਹੇਠ ਮਾਛੀਵਾੜਾ ਪੁਲਸ ਨੇ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ 4 ਵਿਅਕਤੀਆਂ ਦੀ ਪਛਾਣ ਹੋਈ ਹੈ। ਇਨ੍ਹਾਂ ਵਿਚ ਦੀਪਕ ਕੁਮਾਰ, ਘਨੱਈਆ ਸਾਹਨੀ, ਸਾਹਿਲ ਸਾਹਨੀ, ਕ੍ਰਿਸ਼ਨਾ ਸਾਰੇ ਵਾਸੀ ਸ਼ਾਂਤੀ ਨਗਰ, ਮਾਛੀਵਾੜਾ ਹਨ, ਜਦੋਂ ਕਿ 7 ਅਣਪਛਾਤੇ ਹਨ। ਮ੍ਰਿਤਕ ਦੇ ਪਿਤਾ ਪ੍ਰਮੋਦ ਸਾਹਨੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਬੀਤੇ ਦਿਨ ਗਣਪਤੀ ਮਹਾਂਉਤਸਵ ਦੀ ਸ਼ੋਭਾ ਯਾਤਰਾ ਬਲੀਬੇਗ ਬਸਤੀ ਤੋਂ ਸਰਹਿੰਦ ਨਹਿਰ ਵੱਲ ਨੂੰ ਜਾ ਰਹੀ ਸੀ, ਜਿਸ ਵਿਚ ਉਸਦਾ ਪੁੱਤਰ ਬਲਰਾਮ ਵੀ ਸ਼ਾਮਲ ਸੀ।
ਰਸਤੇ ਵਿਚ ਸ਼ਾਂਤੀ ਨਗਰ ਦੇ ਦੀਪਕ ਕੁਮਾਰ, ਘਨੱਈਆ ਸਾਹਨੀ, ਸਾਹਿਲ ਸਾਹਨੀ ਅਤੇ ਕ੍ਰਿਸ਼ਨਾ ਸਮੇਤ 6-7 ਹੋਰ ਨਾਮਾਲੂਮ ਵਿਅਕਤੀ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤ ਨਾਲ ਗਾਲੀ-ਗਲੋਚ ਕਰਨ ਲੱਗੇ। ਬਿਆਨਕਰਤਾ ਅਨੁਸਾਰ ਮੇਰੇ ਪੁੱਤਰ ਬਲਰਾਮ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਹੋਰ ਤੈਸ਼ ਵਿਚ ਆ ਗਏ ਅਤੇ ਸੰਗਤ ਨਾਲ ਮਾਰਕੁੱਟ ਕਰਨ ਲੱਗੇ। ਇਸ ਦੌਰਾਨ ਦੀਪਕ ਕੁਮਾਰ ਨੇ ਆਪਣੇ ਡੱਬ ’ਚੋਂ ਚਾਕੂ ਕੱਢਿਆ ਅਤੇ ਮੇਰੇ ਪੁੱਤਰ ਬਲਰਾਮ ਸਾਹਨੀ ਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਢਿੱਡ ਵਿਚ ਮਾਰਿਆ। ਇਸ ਕਾਰਨ ਉਹ ਧਰਤੀ ’ਤੇ ਡਿੱਗ ਪਿਆ।
ਹਮਲਾਵਾਰ ਦੀਪਕ ਕੁਮਾਰ ਨੂੰ ਜਦੋਂ ਮੌਕੇ ’ਤੇ ਮੌਜੂਦ ਕੁੰਦਨ ਕੁਮਾਰ ਤੇ ਮਿਸਟਰ ਕੁਮਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ ਵੀ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਵੀ ਜਖ਼ਮੀ ਹੋ ਗਏ। ਜਖ਼ਮੀ ਹਾਲਤ ਵਿਚ ਅਸੀਂ ਬਲਰਾਮ ਨੂੰ ਸਿਵਲ ਹਸਪਤਾਲ ਸਮਰਾਲਾ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਵਲੋਂ ਮ੍ਰਿਤਕ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਬਿਆਨਕਰਤਾ ਤੇ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਦੀ ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਜਲਦ ਸਾਰੇ ਦੋਸ਼ੀ ਫੜ੍ਹ ਲਏ ਜਾਣਗੇ।
ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ
NEXT STORY