ਡੇਰਾਬੱਸੀ (ਗੁਰਜੀਤ) : ਪਿੰਡ ਪੰਡਵਾਲਾ ਵਿਖੇ ਦੀਵਾਲੀ ਦੀ ਰਾਤ ਪਟਾਕੇ ਵਜਾਉਣ ਨੂੰ ਲੈ ਕੇ ਹੋਈ ਲੜਾਈ ’ਚ ਜ਼ਖ਼ਮੀ ਪਤੀ-ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮੁਬਾਰਕਪੁਰ ਪੁਲਸ ਨੇ ਪਿੰਡ ਦੇ ਹੀ ਪਿਓ ਤੇ 2 ਪੁੱਤਰਾਂ ’ਤੇ ਮਾਮਲਾ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਜਗਦੀਪ ਸਿੰਘ ਦੇ ਕਿਰਾਏਦਾਰ ਗ਼ਲੀ ’ਚ ਪਟਾਕੇ ਵਜਾ ਰਹੇ ਸਨ। ਉਨ੍ਹਾਂ ਨੇ ਪਟਾਕੇ ਥੋੜ੍ਹੀ ਦੂਰ ਜਾ ਕੇ ਵਜਾਉਣ ਲਈ ਕਿਹਾ। ਇਸ ਦੌਰਾਨ ਜਗਦੀਪ ਦੇ ਛੋਟੇ ਲੜਕੇ ਗੁਰਵਿੰਦਰ ਨਾਲ ਬਹਿਸਬਾਜ਼ੀ ਹੋਈ। ਉਪਰੰਤ ਉਹ ਆਪਣੇ ਘਰ ਆ ਗਿਆ ਅਤੇ ਗੇਟ ਦੇ ਅੱਗੇ ਬੈਠ ਗਿਆ।
ਇਸੇ ਦੌਰਾਨ ਜਗਦੀਪ ਸਿੰਘ ਆਪਣੇ ਦੋਵੇਂ ਪੁਤਰਾਂ ਨਾਲ ਆਇਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਹਰਜੀਤ ਕੌਰ ਅਤੇ ਪਿਤਾ ਬਲਬੀਰ ਸਿੰਘ ਛਡਾਉਣ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਗੁਆਂਢੀਆਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਸਪਤਾਲ ’ਚ ਜ਼ੇਰੇ ਇਲਾਜ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਦੋਵੇਂ ਭਰਾਵਾਂ ਗੁਰਵਿੰਦਰ ਸਿੰਘ (24), ਹਰਵਿੰਦਰ ਸਿੰਘ (26) ਅਤੇ ਪਿਓ ਜਗਦੀਪ ਸਿੰਘ (50) ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਲੋਕਾਂ ਲਈ ਕੇਜਰੀਵਾਲ ਦੇ ਵੱਡੇ ਐਲਾਨ, ਤੁਸੀਂ ਵੀ ਸੁਣੋ (ਵੀਡੀਓ)
NEXT STORY