ਮਾਨਸਾ(ਜੱਸਲ)-ਆਖਿਰ ਨਗਰ ਕੌਂਸਲ ਮਾਨਸਾ ਦੇ ਫਾਇਰ ਬ੍ਰਿਗੇਡ ਦੇ ਦਫਤਰ ਨੂੰ 13 ਸਾਲਾਂ ਅੰਦਰ 6ਵੀਂ ਜਗ੍ਹਾ ਨਸੀਬ ਹੋ ਗਈ ਹੈ ਪਰ ਹਾਲੇ ਵੀ ਇਸ ਦਫਤਰ 'ਚ ਬੇਸਿਕ ਸਹੂਲਤਾਂ ਦੀ ਕਾਫੀ ਘਾਟ ਹੈ। ਇਸ ਕੋਲ ਆਪਣਾ ਕੋਈ ਪੱਕਾ ਟਿਕਾਣਾ ਨਹੀਂ ਹੈ। ਇਸ ਤੋਂ ਪਹਿਲਾ ਫਾਇਰ ਬ੍ਰਿਗੇਡ ਦੇ ਦਫਤਰ ਨੂੰ ਮਾਰਕੀਟ ਕਮੇਟੀ ਅਤੇ ਹੋਰ ਕਈ ਥਾਵਾਂ 'ਤੇ ਆਵਾਜਾਰ ਹੋਣਾ ਪਿਆ ਸੀ। ਫਾਇਰ ਬ੍ਰਿਗੇਡ ਨੂੰ ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ।
ਫਾਇਰ ਬ੍ਰਿਗੇਡ ਦੇ ਦਫਤਰ ਦੀ ਦਸ਼ਾ
ਫਾਇਰ ਬ੍ਰਿਗੇਡ ਨੂੰ ਸਾਲ 2005 'ਚ ਓਵਰਬ੍ਰਿਜ ਦੇ ਨੇੜੇ ਪੱਕੀ ਦਫਤਰੀ ਥਾਂ ਦਿੱਤੀ ਹੋਈ ਸੀ ਪਰ ਇਸ ਥਾਂ ਨੂੰ ਨਗਰ ਕੌਂਸਲ ਮਾਨਸਾ ਵੱਲੋਂ ਵੇਚ ਦੇਣ ਤੋਂ ਬਾਅਦ ਫਾਇਰ ਬ੍ਰਿਗੇਡ ਕੋਲੋਂ ਇਹ ਥਾਂ ਖਾਲੀ ਕਰਵਾ ਕੇ ਫਾਇਰ ਬ੍ਰਿਗੇਡ ਦਾ ਦਫਤਰ ਵਾਟਰ ਵਰਕਸ ਮਾਨਸਾ ਵਾਲੀ ਥਾਂ 'ਤੇ ਭੇਜ ਦਿੱਤਾ ਗਿਆ, ਫਿਰ ਇਹ ਥਾਂ ਵੀ ਖਾਲੀ ਕਰਵਾ ਕੇ ਐੱਫ. ਸੀ. ਆਈ. ਦਫਤਰ ਕੋਲ ਸਾਰੇ ਸ਼ਹਿਰ ਦੇ ਕੂੜਾ-ਕਰਕਟ ਸੁੱਟਣ ਵਾਲੀ ਥਾਂ 'ਤੇ ਤਬਦੀਲ ਕਰ ਦਿੱਤਾ ਗਿਆ। ਹੁਣ ਇਹ ਦਫਤਰ ਵਾਰ-ਵਾਰ ਥਾਵਾਂ ਬਦਲ ਕੇ 3 ਸਾਲਾਂ ਤੋਂ ਫਾਇਰ ਬ੍ਰਿਗੇਡ ਦਾ ਦਫਤਰ ਨਵੀਂ ਅਨਾਜ ਮੰਡੀ 'ਚ ਸਥਿਤ ਮਾਰਕੀਟ ਕਮੇਟੀ ਦੀ ਜਗ੍ਹਾ 'ਚ ਚੱਲ ਰਿਹਾ ਸੀ, ਜਿਸ ਨੂੰ ਹੁਣ ਟਰੱਕ ਯੂਨੀਅਨ ਵਾਲੀ ਥਾਂ 'ਤੇ ਤਬਦੀਲ ਕਰ ਦਿੱਤਾ ਗਿਆ।
ਮੁਲਾਜ਼ਮਾਂ ਦੀ ਵੱਡੀ ਘਾਟ
ਇਸ ਵੇਲੇ 2 ਗੱਡੀਆਂ ਨਾਲ ਫਾਇਰ ਬ੍ਰਿਗੇਡ ਦੇ 7 ਮੁਲਾਜ਼ਮ ਦਿਨ-ਰਾਤ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕੋਲ ਕੋਈ ਢੁੱਕਵੀਂ ਜਗ੍ਹਾ ਜਾਂ ਕੋਈ ਸ਼ੈੱਡ ਦਾ ਪ੍ਰਬੰਧ ਨਾ ਹੋਣ ਕਰ ਕੇ ਮੀਂਹ, ਧੁੱਪ ਤੇ ਹਨੇਰੀ ਆਦਿ ਖੁੱਲ੍ਹੇ 'ਚ ਖੜ੍ਹੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੇ ਸਾਮਾਨ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਇਸ ਵੇਲੇ 1 ਫਾਇਰ ਅਫਸਰ, 1 ਸਬ ਫਾਇਰ ਅਫਸਰ, 3 ਫਾਇਰਮੈਨ ਅਤੇ 2 ਡਰਾਈਵਰਾਂ ਦੇ ਸਹਾਰੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨਾਲ ਤਿੰਨ ਕਰਮਚਾਰੀਆਂ ਨੂੰ ਆਰਜ਼ੀ ਤੌਰ 'ਤੇ ਨਿਯੁਕਤ ਕੀਤਾ ਹੋਇਆ ਹੈ ਜਦਕਿ ਇੱਥੇ 4 ਵੱਡੀਆਂ ਗੱਡੀਆਂ, 2 ਛੋਟੀਆਂ ਗੱਡੀਆਂ, 30 ਫਾਇਰਮੈਨ, 4 ਲੀਡਿੰਗ ਫਾਇਰਮੈਨ ਅਤੇ 7 ਡਰਾਈਵਰ ਲੋੜੀਂਦੇ ਹਨ।
ਫਾਇਰ ਬ੍ਰਿਗੇਡ ਗੱਡੀਆਂ ਦੀ ਸਥਿਤੀ
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕਈ ਸਾਲ ਪਹਿਲਾਂ ਕੰਡਮ ਹੋ ਚੁੱਕੀਆਂ 3 ਗੱਡੀਆਂ ਦੀ ਨਿਗਰਾਨੀ ਵੀ ਕਰਨੀ ਪੈਂਦੀ ਹੈ। ਇਨ੍ਹਾਂ 'ਚ 1984 ਮਾਡਲ ਦੀਆਂ 2 ਅਤੇ 1982 ਮਾਡਲ ਦੀ ਇਕ ਗੱਡੀ ਖਸਤਾ ਹਾਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੀਲਾਮ ਕਰਨ ਸਬੰਧੀ ਕਾਰਵਾਈ ਕਰਨ ਦਾ ਪ੍ਰਸ਼ਾਸਨ ਕੋਲ ਸਮਾਂ ਨਹੀਂ ਹੈ।
ਫਾਇਰ ਬ੍ਰਿਗੇਡ ਵਾਲਿਆਂ ਦੀਆਂ ਮੁਸ਼ਕਿਲਾਂ
ਅੱਗ ਬੁਝਾਊ ਦਸਤੇ ਦੀਆਂ ਗੱਡੀਆਂ 'ਚ ਪਾਣੀ ਭਰਨ ਦੀ ਵੱਡੀ ਦਿੱਕਤ ਹੈ। ਨਹਿਰੀਬੰਦੀ ਅਤੇ ਬਿਜਲੀ ਕੱਟ ਵਾਲੇ ਦਿਨਾਂ 'ਚ ਇਹ ਮੁਸ਼ਕਿਲ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਅਜਿਹੇ ਦਿਨਾਂ 'ਚ ਕਿਸੇ ਥਾਂ ਅੱਗ ਲੱਗਣ ਦੀ ਘਟਨਾ ਵਾਪਰਨ 'ਤੇ ਪਾਣੀ ਦੀ ਖਾਲੀ ਹੋਈ ਗੱਡੀ ਨੂੰ ਮੁੜ ਪਾਣੀ ਭਰ ਕੇ ਘਟਨਾ ਵਾਲੀ ਥਾਂ 'ਤੇ ਸਮੇਂ ਸਿਰ ਲਿਜਾਣਾ ਸੰਭਵ ਨਹੀਂ ਹੁੰਦਾ। ਜ਼ਿਲੇ ਅੰਦਰ ਹਰ ਸਾਲ ਅੱਗ ਲੱਗਣ ਦੀਆਂ ਕਾਫੀ ਘਟਨਾਵਾਂ ਵਾਪਰਦੀਆਂ ਹਨ ਪਰ ਲੋੜੀਂਦੇ ਸਾਧਨਾਂ ਤੇ ਸਟਾਫ ਦੀ ਭਾਰੀ ਘਾਟ ਦੇ ਬਾਵਜੂਦ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ।
ਕੀ ਕਹਿੰਦੇ ਹਨ ਟਰੱਕ ਆਪ੍ਰੇਟਰ
ਦੂਜੇ ਪਾਸੇ ਸਮੂਹ ਟਰੱਕ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਕੋਲ ਰਹੀ ਜਗ੍ਹਾ ਖੋਹ ਕੇ ਉਨ੍ਹਾਂ ਨਾ ਧੱਕਾ ਕੀਤਾ ਹੈ ਕਿਉਂਕਿ ਇੱਥੇ ਸੈਂਕੜੇ ਆਪ੍ਰੇਟਰਾਂ ਦੇ ਬੈਠਣ ਅਤੇ ਕਾਰਵਾਈ ਚਲਾਉਣ ਦਾ ਇੰਤਜ਼ਾਮ ਸੀ। ਹੁਣ ਉਨ੍ਹਾਂ ਦੀ ਹਾਲਤ ਲਾਵਾਰਸਾਂ ਵਾਲੀ ਬਣ ਗਈ ਹੈ। ਇਸ ਲਈ ਟਰੱਕ ਆਪ੍ਰੇਟਰਾਂ 'ਚ ਗੁੱਸੇ ਦੀ ਲਹਿਰ ਹੈ ਅਤੇ ਕਿਸੇ ਵੇਲੇ ਵੀ ਸੜਕਾਂ 'ਤੇ ਉਤਰ ਸਕਦੇ ਹਨ। ਫਿਲਹਾਲ ਟਰੱਕ ਆਪ੍ਰੇਟਰ ਆਪਣੀ ਪੁਰਾਣੀ ਅਨਾਜ ਮੰਡੀ ਵਾਲੀ ਟਰੱਕ ਯੂਨੀਅਨ ਦੇ ਦਫਤਰ 'ਚ ਡੇਰਾ ਲਾਈ ਬੈਠੇ ਹਨ।
ਕਾਂਗਰਸੀ ਕੌਂਸਲਰ ਨੇ ਨਗਰ ਕੌਂਸਲ ਪ੍ਰਧਾਨ 'ਤੇ ਲਾਏ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਵਾਉਣ ਦੇ ਦੋਸ਼
NEXT STORY