ਗਿੱਦੜਬਾਹਾ (ਸੰਧਿਆ) - ਸਥਾਨਕ ਬੈਂਟਾਬਾਦ ਵਿਖੇ ਰਿਹਾਇਸ਼ੀ ਖੇਤਰ ਦੇ ਇਕ ਘਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ 'ਚ ਪਿਉ-ਪੁੱਤ ਝੁਲਸ ਗਏ। ਜ਼ੇਰੇ ਇਲਾਜ ਲੜਕੇ ਦੇ ਮਾਮੇ ਸੰਦੀਪ ਅਰੋੜਾ ਨੇ ਦੱਸਿਆ ਕਿ ਸਵੇਰੇ ਕਰੀਬ 11:00 ਵਜੇ ਰਸੋਈ ਘਰ ਦੀ ਗੈਸ ਖਤਮ ਹੋਣ ਕਾਰਨ, ਜਦੋਂ ਉਸ ਦੇ ਭਾਣਜੇ ਮੰਨੂੰ ਨੇ ਸਿਲੰਡਰ ਬਦਲਣ ਲਈ ਢੱਕਣ ਖੋਲ੍ਹਿਆ ਤਾਂ ਸਿਲੰਡਰ 'ਚੋਂ ਇਕਦਮ ਅੱਗ ਨਿਕਲੀ, ਜੋ ਬੱਲਬ ਨਾਲ ਜਾ ਟਕਰਾਈ ਅਤੇ ਰਸੋਈ ਵਿਚ ਅੱਗ ਲੱਗ ਗਈ, ਜਿਸ ਕਾਰਨ ਮੰਨੂੰ ਅਤੇ ਉਸ ਦਾ ਪਿਤਾ ਵਿਨੋਦ ਕੁਮਾਰ ਬੁਰੀ ਤਰ੍ਹਾਂ ਨਾਲ ਝੁਲਸ ਗਏ।
ਉਸ ਨੇ ਦੱਸਿਆ ਕਿ ਐਂਬੂਲੈਂਸ ਕਰੀਬ ਅੱਧੇ ਘੰਟੇ ਬਾਅਦ ਆਈ। ਸਿਵਲ ਹਸਪਤਾਲ 'ਚ ਤਾਇਨਾਤ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਵੇਖਦੇ ਹੋਏ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਤਾਂ ਬੱਲੂਆਣਾ ਤੋਂ ਜਦੋਂ 1:30 ਵਜੇ 108 ਐਂਬੂਲੈਂਸ ਆਈ ਤਾਂ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਦੀ ਐਂਬੂਲੈਂਸ ਵਿਚ ਏ. ਸੀ. ਨਹੀਂ ਚੱਲਦਾ ਅਤੇ ਸਟੇਚਰ ਵੀ ਟੁੱਟੇ ਪਏ ਹਨ। ਲੰਬੀ ਤੋਂ ਐਂਬੂਲੈਂਸ ਆ ਰਹੀ ਹੈ, ਦਾ ਕਹਿ ਕੇ ਉਹ ਆਪਣੀ ਐਂਬੂਲੈਂਸ ਵਾਪਸ ਲੈ ਗਏ। ਕਾਫ਼ੀ ਦੇਰ ਬਾਅਦ ਜਦੋਂ 108 ਨੰਬਰ 'ਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਲੰਬੀ ਤੋਂ ਕੋਈ ਐਂਬੂਲੈਂਸ ਨਹੀਂ ਆ ਰਹੀ । ਐਂਬੂਲੈਂਸ ਦੀ ਮੰਗ ਕਰਨ 'ਤੇ ਦੁਬਾਰਾ ਮਲੋਟ ਤੋਂ 108 ਐਂਬੂਲੈਂਸ ਨੂੰ ਭੇਜਿਆ ਗਿਆ, ਜਿਸ ਕਰ ਕੇ ਝੁਲਸੇ ਪਿਉ-ਪੁੱਤ ਕਰੀਬ ਸਾਢੇ 4 ਘੰਟੇ ਤੜਫਦੇ ਰਹੇ, ਜਿੱਥੇ ਵਿਨੋਦ ਕੁਮਾਰ ਫੁਟੇਲਾ ਨੂੰ 2 ਘੰਟੇ ਬਾਅਦ ਭੇਜਿਆ ਗਿਆ, ਉੱਥੇ ਹੀ ਮੰਨੂੰ ਨੂੰ 3:30 ਵਜੇ ਬਠਿੰਡਾ ਲਈ ਰੈਫਰ ਕੀਤਾ
ਗਿਆ । ਹੁਣ ਅਜਿਹੇ ਹਾਲਾਤ ਵਿਚ ਸਵਾਲ ਇਹ ਉੱਠਦਾ ਹੈ ਕਿ ਸਰਕਾਰੀ ਹਸਪਤਾਲ 'ਚ ਮੌਜੂਦ ਐਂਬੂਲੈਂਸਾਂ ਲੋਕਾਂ ਦੀ ਸੇਵਾ ਲਈ ਮੌਜੂਦ ਕਿਉਂ ਨਹੀਂ ਮਿਲਦੀ?
ਅੱਗ ਤੋਂ ਕਿਵੇਂ ਕੀਤਾ ਜਾਵੇ ਬਚਾਅ
* ਰਸੋਈ ਘਰ ਜਾਂ ਰਿਹਾਇਸ਼ੀ ਘਰ ਵਿਚ ਗੈਸ ਸਿਲੰਡਰ ਖੋਲ੍ਹਣ ਤੋਂ ਪਹਿਲਾਂ ਘਰ ਦੀਆਂ ਸਾਰੀਆਂ ਲਾਈਟਾਂ , ਪੱਖੇ ਆਦਿ ਬੰਦ ਕਰ ਦਿਓ।
* ਖਿੜਕੀਆਂ, ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹ ਦਿਓ।
* ਅੱਗ ਨੂੰ ਬੁਝਾਉਣ ਲਈ ਖੇਸ , ਕੰਬਲ ਜਾਂ ਕੱਪੜੇ ਨੂੰ ਗਿੱਲਾ ਕਰ ਕੇ ਤੁਰੰਤ ਗੈਸ ਸਿਲੰਡਰ ਦੇ ਮੂੰਹ ਨੂੰ ਢੱਕ ਦਿਓ।
* ਬਾਲਟੀ ਭਰ ਕੇ ਰੇਤ ਪਾ ਦਿਓ।
ਮੱਛੀ ਚੋਰ ਗਿਰੋਹ ਦੇ 4 ਮੈਂਬਰ ਕਾਬੂ
NEXT STORY