ਬੰਗਾ, (ਚਮਨ ਲਾਲ /ਰਾਕੇਸ਼)- ਦੇਰ ਸ਼ਾਮ ਬੰਗਾ ਦੇ ਸਥਾਨਕ ਆਜ਼ਾਦ ਚੌਕ ਵਿਚ ਪੈਂਦੀ ਇਕ ਕੱਪਡ਼ੇ ਤੇ ਹੋਰ ਸਾਮਾਨ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਦੀਅਾਂ 7 ਦੇ ਕਰੀਬ ਗੱਡੀਅਾਂ ਤੇ 80 ਲਿਟਰ ਦੇ ਕਰੀਬ ਅੱਗ ਬਝਾਊ ਮਿਸ਼ਰਣ ਦੇ ਨਾਲ 6 ਘੰਟੇ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਬੇਸ਼ਕ ਇਸ ਲੱਗੀ ਅੱਗ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਅੰਦਰ ਪਿਆ ਲੱਖਾਂ-ਕਰੋਡ਼ਾਂ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ ਹੈ।

ਦੇਰ ਰਾਤ ਤੱਕ ਜਿਥੇ ਉਪਰੋਕਤ ਦੁਕਾਨ ਦੀ ਚੌਥੀ ਮੰਜ਼ਲ ’ਤੇ ਅੱਗ ਦੇ ਭਾਂਬਡ਼ ਸਹਿਜੇ ਹੀ ਦਿਸ ਰਹੇ ਸਨ ਉਥੇ ਹੀ ਲੋਕਾਂ ਦਾ ਤਾਂਤਾ ਵੀ ਬਾਜ਼ਾਰ ਵਿਚ ਲੱਗਾ ਰਿਹਾ। ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਜਿਨ੍ਹਾਂ ਵਿਚ ਵਿਸ਼ੇਸ਼ ਕਰ ਕੇ ਬੰਗਾ ਦੇ ਏ. ਐੱਸ. ਪੀ. ਸਿਰਤਾਜ ਸਿੰਘ ਚਹਿਲ, ਐੱਸ. ਐੱਚ. ਓ. ਬੰਗਾ ਸਿਟੀ ਗੋਪਾਲ ਕ੍ਰਿਸ਼ਨ, ਐੱਸ. ਐੱਚ. ਓ. ਥਾਣਾ ਸਦਰ ਰਾਜੀਵ ਕੁਮਾਰ ਤੇ ਸਿਵਲ ਪ੍ਰਸ਼ਾਸਨ ਤੋਂ ਬੰਗਾ ਦੇ ਤਹਿਸੀਲਦਾਰ, ਬਿਜਲੀ ਬੋਰਡ ਤੋਂ ਜੇ. ਈ. ਸਤੀਸ਼ ਮੋਂਗਾ ਨੇ ਇਸ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਆਪਣਾ-ਆਪਣਾ ਯੋਗਦਾਨ ਪਾਇਆ। ਨਵਾਂਸ਼ਹਿਰ ਦੇ ਫਾਇਰ ਅਫਸਰ ਅਜੇ ਗੋਇਲ ਦੇ ਅਚਾਨਕ ਦੁਕਾਨ ਅੰਦਰ ਬਣੀਅਾਂ ਪੌਡ਼ੀਅਾਂ ਤੋਂ ਡਿੱਗਣ ਕਾਰਨ ਉਨ੍ਹਾਂ ਦੀ ਖੱਬੀ ਬਾਂਹ ਦੀ ਹੱਡੀ ਟੁੱਟ ਗਈ। ਜਿਨ੍ਹਾਂ ਨੂੰ ਮੌਕੇ ’ਤੇ ਖਡ਼੍ਹੀ 108 ਐਂਬੂਲੈਂਸ ਦੀ ਮਦਦ ਨਾਲ ਬੰਗਾ ਦੇ ਇਕ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ।
ਕੀ ਕਹਿਣੈ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ
ਅੱਗ ਲੱਗਣ ਤੋਂ ਬਾਅਦ ਆਈਅਾਂ ਮੁਸ਼ਕਲਾਂ ਬਾਰੇ ਬੰਗਾ ਦੇ ਸਮਾਜ ਸੇਵਕ ਬਾਬਾ ਦਵਿੰਦਰ ਕੌਡ਼ਾ, ਪ੍ਰੀਤਮ ਦਾਸ ਨੇ ਕਿਹਾ ਕਿ ਅੱਜ ਸਾਡੇ ਮੁਲਕ ਨੂੰ ਆਜ਼ਾਦ ਹੋਏ 71 ਸਾਲ ਦੇ ਕਰੀਬ ਦਾ ਸਮਾਂ ਹੋ ਚੱਲਿਆ ਹੈ। ਪਰ ਸਮੇਂ ਦੀ ਸਰਕਾਰ ਅੱਜ ਤੱਕ ਸਵਾਏ ਗਲੀਅਾਂ-ਨਾਲੀਅਾਂ ਪੱਕੀਅਾਂ ਕਰਨ ਤੋਂ ਇਲਾਵਾ ਆਮ ਜਨ ਜੀਵਨ ਵਿਚ ਆਉਣ ਵਾਲੀਅਾਂ ਅੌਕਡ਼ਾਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਬੰਗਾ ਨੂੰ ਸਬ-ਡਵੀਜ਼ਨ ਦਾ ਰੁਤਬਾ ਮਿਲਿਆ ਹੋਇਆ ਹੈ ਪਰ ਫਿਰ ਵੀ ਕਈ ਸਹੂਲਤਾਂ ਲੈਣ ਲਈ ਬੰਗਾ ਸ਼ਹਿਰ ਦੇ ਲੋਕਾਂ ਨੂੰ ਨਵਾਂਸ਼ਹਿਰ ਵੱਲ ਮੂੰਹ ਕਰਨਾ ਪੈਂਦਾ ਹੈ ਜਿਨ੍ਹਾਂ ਵਿਚੋਂ ਫਾਇਰ ਬ੍ਰਿਗੇਡ ਦੀ ਸਹੂਲਤ ਪਹਿਲੇ ਨੰਬਰ ’ਤੇ ਹੈ। ਬਾਜ਼ਾਰ ਵਿਚ ਵੱਡੇ ਪੱਧਰ ’ਤੇ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ ਵੀ ਹੈ।
ਕੀ ਕਹਿਣੈ ਫਾਇਰ ਅਫਸਰ ਅਜੇ ਗੋਇਲ ਦਾ
ਜਦੋਂ ਫਾਇਰ ਅਫਸਰ ਅਜੇ ਗੋਇਲ ਨਾਲ ਅੱਗ ਬਝਾਊ ਯੰਤਰਾਂ ਦੀ ਪਾਈ ਜਾਣ ਵਾਲੀ ਘਾਟ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਸਮੇਂ ’ਤੇ ਦੁਕਾਨਾਂ ਦੇ ਨਾਲ-ਨਾਲ ਵੱਡੇ-ਵੱਡੇ ਮਾਲ ਆਦਿ ਦੀ ਚੈਕਿੰਗ ਕਰਦੇ ਰਹਿੰਦੇ ਹਾਂ ਤੇ ਕਈ ਸਿਆਸੀ ਲੋਕਾਂ ਦੇ ਕਹਿਣ ’ਤੇ ਉਪਰੋਕਤ ਦੁਕਾਨਦਾਰ ਅੱਗ ਬਝਾਊ ਯੰਤਰ ਨਹੀਂ ਖਰੀਦ ਦੇ ਜਦੋਂ ਕਿ ਸਾਡੇ ਵੱਲੋਂ ਵਾਰ-ਵਾਰ ਦੁਕਾਨਦਾਰਾਂ ਨੂੰ ਅੱਗ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕੀਤਾ ਜਾਦਾ ਹੈ।
ਕੀ ਕਹਿਣੈ ਬੰਗਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਾ
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇਸ ਰਾਜ ਨੇ ਕਿਹਾ ਕਿ ਉਹ ਤੁਰੰਤ ਇਸ ਬਾਰੇ ਸਬੰਧਤ ਅਧਿਕਾਰੀ ਦੀ ਡਿਊਟੀ ਲਾ ਕੇ ਇਨ੍ਹਾਂ ਨੂੰ ਦੂਰ ਕਰਾਉਂਦੇ ਹਨ। ਪਰ ਜੇਕਰ ਫਿਰ ਕਿਸੇ ਨੇ ਨਾਜਾਇਜ਼ ਕਬਜ਼ਾ ਜਾਂ ਦੁਕਾਨ ਅੱਗੇ ਵਧਾ ਕੇ ਰੱਖਿਆ ਸਾਮਾਨ ਨਾ ਚੁੱਕਿਆ ਤਾਂ ਉਸ ਪ੍ਰਤੀ ਕਾਨੂੰਨੀ ਕਾਰਵਾਈ ਕਰਾਂਗੇ।
ਜਾਅਲੀ ਫਰਦ ਦੇ ਆਧਾਰ ’ਤੇ ਸੌਦਾ ਤੈਅ ਕਰ ਕੇ ਠੱਗੇ 6.70 ਲੱਖ ਰੁਪਏ
NEXT STORY