ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਵਿਖੇ ਬੀਤੀ ਰਾਤ ਪਿੰਡ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਦਫਤਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਕੰਪਿਊਟਰ, ਏ.ਸੀ ਸਮੇਤ ਹੋਰ ਕੀਮਤੀ ਸਮਾਨ ਅਤੇ ਸੁਸਾਇਟੀ ਦਾ ਰਿਕਾਰਡ ਸੜ ਗਏ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੇਵਾਦਾਰ ਕੁਲਵੀਰ ਸਿੰਘ ਅਤੇ ਕਮੇਟੀ ਮੈਂਬਰਾਂ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੁਸਾਇਟੀ ਵਿਚ ਆਏ ਤਾਂ ਦੇਖਿਆ ਕਿ ਦਫਤਰ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਿਸ ਉਪਰੰਤ ਅਮਨਦੀਪ ਸਿੰਘ ਸਕੱਤਰ ਸਭਾ ਨੂੰ ਫੋਨ ਕੀਤਾ ਗਿਆ।
ਗੇਟ ਖੋਲਣ ਉਪਰੰਤ ਪੂਰੇ ਦਫ਼ਤਰ ਅੰਦਰ ਧੂੰਆਂ ਫੈਲਿਆ ਹੋਇਆ ਸੀ ਅਤੇ ਦਫ਼ਤਰ ਅੰਦਰ ਇਲੈਕਟਰੋਨਿਕਸ ਦਾ ਸਾਰਾ ਸਮਾਨ ਕੰਪਿਊਟਰ, ਮਨੀਟਰ, ਪ੍ਰਿੰਟਰ, ਕੈਸ਼ ਗਿਣਨ ਵਾਲੀ ਮਸ਼ੀਨ, ਫਰਨੀਚਰ, ਏ.ਸੀ. ਆਦਿ ਸਭ ਸੜਕੇ ਸੁਆਹ ਹੋ ਚੁੱਕੇ ਸਨ। ਇਸ ਤੋਂ ਇਲਾਵਾ ਯੂ.ਪੀ.ਐਸ., ਪੋਸ਼ ਮਸ਼ੀਨ ਅਤੇ ਕੈਮਰੇ ਵਗੈਰਾ ਵੀ ਸੜ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਲਗਭਗ 2.50 ਤੋਂ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।
ਇਸ ਮੌਕੇ ਸਭਾ ਦੇ ਡਾਇਰੈਕਟਰਾਂ ਮੇਜਰ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਗੁਰਤੇਜ ਸਿੰਘ, ਬਲਜੀਤ ਸਿੰਘ, ਸ਼ੇਰ ਸਿੰਘ, ਜਸਪਾਲ ਸਿੰਘ ਸਾਬਕਾ ਮੈਂਬਰ, ਅਮਰੀਕ ਸਿੰਘ ਸਾਬਕਾ ਮੈਂਬਰ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਸੁਸਾਇਟੀ ਵਿਚ ਪਹਿਲੀ ਵਾਰ ਇਹ ਘਟਨਾ ਹੋਈ ਹੈ ਅਤੇ ਉਨ੍ਹਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਜਸਕਰਨ ਸਿੰਘ ਨੇ ਕਿਹਾ ਇਹ ਮਾਮਲਾ ਸ਼ੱਕੀ ਲੱਗਦਾ ਹੈ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ।
ਸਾਈਬਰ ਠੱਗਾਂ ਨੇ ਲਿੰਕ ਭੇਜ ਕੇ ਬਜ਼ੁਰਗ ਵਿਅਕਤੀ ਤੋਂ ਠੱਗੇ 11 ਲੱਖ ਰੁਪਏ
NEXT STORY