ਸ਼ੇਰਪੁਰ (ਸਿੰਗਲਾ)- ਬਲਾਕ ਸ਼ੇਰਪੁਰ ਦੇ ਪਿੰਡ ਰਾਮ ਨਗਰ ਛੰਨਾ ਵਿਖੇ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਜੋ ਤੂੜੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ਦੇ ਘਰ ਅੱਗ ਲੱਗਣ ਕਾਰਨ ਘਰ ਦਾ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਜਾਣ ਦੇ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਹਨ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਕਿਸਾਨ ਕੁਲਵੰਤ ਸਿੰਘ ਗੋਰਾ ਗਿੱਲ ਪੁੱਤਰ ਗੁਰਦੇਵ ਸਿੰਘ ਵਾਸੀ ਰਾਮ ਨਗਰ ਛੰਨਾ ਨੇ ਦੱਸਿਆ ਕਿ ਉਹ ਬੀਤੀ ਕੱਲ ਤੂੜੀ ਦੀ ਟਰਾਲੀ ਖਾਲੀ ਕਰਨ ਨਾਲ ਦੇ ਪਿੰਡ ਗਿਆ ਹੋਇਆ ਸੀ। ਬੀਤੀ ਸ਼ਾਮ 6 ਵਜੇ ਦੇ ਕਰੀਬ ਜਦੋਂ ਕੋਈ ਹੋਰ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ ਅਚਾਨਕ ਹੀ ਘਰ ਵਿੱਚ ਅੱਗ ਲੱਗ ਗਈ ਜੋ ਦੇਖਦਿਆਂ ਹੀ ਦੇਖਦਿਆਂ ਘਰ ਦੇ ਸਾਰੇ ਕਮਰਿਆਂ ਅੰਦਰ ਫੈਲ ਗਈ। ਸਾਡੇ ਨਾਲ ਲੱਗਦੇ ਮੇਰੇ ਚਾਚੇ ਦੇ ਘਰ ਅੱਗ ਦਾ ਕਾਫੀ ਧੂਆਂ ਚਲੇ ਜਾਣ ਤੇ ਅੱਗ ਲੱਗਣ ਦਾ ਪਤਾ ਚੱਲਿਆ। ਪਿੰਡ ਵਾਸੀਆਂ ਦੀ ਮੱਦਦ ਨਾਲ ਤਕਰੀਬਨ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਇਹ ਅੱਗ ਨਾਲ ਘਰ ਦਾ ਸਾਰਾ ਫਰਨੀਚਰ, ਖਿੜਕੀਆਂ, ਦਰਵਾਜ਼ੇ, ਸਾਰੇ ਘਰ ਦੀ ਬਿਜਲੀ ਫਿਟਿੰਗ, ਐਲ.ਸੀ.ਡੀ, ਗੀਜਰ, ਸੀਲਿੰਗ, ਹੋਰ ਘਰੇਲੂ ਸਮਾਨ ਬੱਚਿਆਂ ਤੋਂ ਲੈ ਕੇ ਸਾਰੇ ਪਰਿਵਾਰ ਦੇ ਟੋਟਲ ਕੱਪੜੇ ਬੱਚੇ ਦੀਆਂ ਕਿਤਾਬਾਂ , ਵਰਦੀਆਂ, ਬਾਰਵੀਂ ਤੱਕ ਦੇ ਸਰਟੀਫਿਕੇਟ ਤੋਂ ਇਲਾਵਾ ਇਕ ਲੱਖ ਤੋਂ ਵੱਧ ਦੀ ਨਗਦੀ ਜੋ ਲੇਬਰ ਨੂੰ ਦੇਣ ਵਾਸਤੇ ਰੱਖੀ ਸੀ ਵੀ ਅੱਗ ਵਿਚ ਸੜਕੇ ਸੁਆਹ ਹੋ ਗਈ । ਉਹਨਾਂ ਅੱਗੇ ਦੱਸਿਆ ਕਿ ਅੱਗ ਲੱਗਣ ਕਾਰਨ ਉਹਨਾਂ ਦਾ ਪੰਜ ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਹਨਾਂ ਅੱਗੇ ਦੱਸਿਆ ਕਿ ਅੱਗ ਤੇ ਕਾਬੂ ਪਾਉਂਦਿਆਂ ਸਾਡੇ ਇੱਕ ਦੋ ਮੈਂਬਰਾਂ ਨੂੰ ਅੱਗ ਦਾ ਸੇਕ ਵੀ ਲੱਗ ਗਿਆ ਤੇ ਉਹਨਾਂ ਦੇ ਕੱਪੜੇ ਵੀ ਮੱਚ ਗਏ। ਇਸ ਮੌਕੇ ਮੌਜੂਦਾ ਸਰਪੰਚ ਦੇ ਪਤੀ ਸਰਪੰਚ ਗੁਰਸੇਵਕ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾ, ਪੰਚ ਮਨਪ੍ਰੀਤ ਸਿੰਘ ਗਰੇਵਾਲ, ਪੰਚ ਭੋਲਾ ਸਿੰਘ ਗਿੱਲ , ਪਟਵਾਰੀ ਗੁਰਪਾਲ ਸਿੰਘ ਗਰੇਵਾਲ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਬਲਦੇਵ ਸਿੰਘ ਗਰੇਵਾਲ, ਪ੍ਰਧਾਨ ਰਣਜੀਤ ਸਿੰਘ ਖਹਿਰਾ ਤੋਂ ਇਲਾਵਾ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੱਧ ਵਰਗੀ ਕਿਸਾਨ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਬਲੌਰ ਸਿੰਘ ਵੱਲੋਂ ਜਾ ਕੇ ਮੌਕਾ ਦੇਖਿਆ ਗਿਆ ਅਤੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਅੱਗ ਲੱਗਣ ਕਾਰਨ ਕਿਸਾਨ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਤੱਕ ਪਹੁੰਚਦੀ ਕਰਨਗੇ।
ਪੰਜਾਬ 'ਚ ਪਈ ਸੰਘਣੀ ਧੁੰਦ ਨੇ ਠੁਰ-ਠੁਰ ਕਰਨ ਲਾਏ ਲੋਕ, ਹੱਡ ਚੀਰਵੀਂ ਠੰਡ ਵਰਾਉਣ ਲੱਗੀ ਕਹਿਰ
NEXT STORY