ਫਿਰੋਜ਼ਪੁਰ (ਰਾਜੇਸ਼ ਢੰਡ) : ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਬੱਧਨੀ ਜੈਮਲ ਸਿੰਘ ਵਿਖੇ ਜ਼ਮੀਨੀ ਤਕਰਾਰ ਦੇ ਚੱਲਦਿਆਂ ਇਕ ਨੌਜਵਾਨ ’ਤੇ ਹਵਾਈ ਫਾਇਰ ਕਰਨ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੁੱਲਗੜ੍ਹੀ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸ਼ਿਵਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੱਧਨੀ ਜੈਮਲ ਸਿੰਘ ਨੇ ਬਿਆਨ ਦਰਜ ਕਰਵਾਏ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ 24 ਮਈ 2026 ਨੂੰ ਦੁਪਹਿਰ ਕਰੀਬ 12.45 ਵਜੇ ਜਦੋਂ ਉਹ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਖੇਤ ਗਿਆ ਸੀ ਤਾਂ ਉੱਥੇ ਸੁਖਵਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਮੌਜੂਦ ਸੀ।
ਸ਼ਿਵਜੀਤ ਸਿੰਘ ਨੇ ਸੁਖਵਿੰਦਰ ਨੂੰ ਕਿਹਾ ਕਿ ਇਹ ਜ਼ਮੀਨ ਹੁਣ ਉਸ ਦੇ ਹਿੱਸੇ ਆ ਚੁੱਕੀ ਹੈ, ਇਸ ਲਈ ਉਹ ਇੱਥੋਂ ਆਪਣਾ ਬੋਰ ਪੁੱਟ ਲਵੇ। ਇਸ ਗੱਲ ਤੋਂ ਖ਼ਫ਼ਾ ਹੋ ਕੇ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸੇ ਦੌਰਾਨ ਉੱਥੇ ਮੌਜੂਦ ਗੈਵੀ ਪੁੱਤਰ ਸੁਖਜਿੰਦਰ ਸਿੰਘ ਨੇ ਆਪਣੇ ਡੱਬ ਵਿੱਚੋਂ ਰਿਵਾਲਵਰ ਕੱਢ ਕੇ ਡਰਾਉਣ ਦੀ ਨੀਅਤ ਨਾਲ ਹਵਾਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਸੱਟਾਂ ਵੱਜੀਆਂ। ਝਗੜਾ ਹੁੰਦਾ ਦੇਖ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਸੁਖਵਿੰਦਰ ਸਿੰਘ, ਗੈਵੀ ਅਤੇ ਸੁਖਜੀਤ ਸਿੰਘ ਸਾਰੇ ਵਾਸੀ ਜੈਮਲ ਸਿੰਘ ਵਾਲਾ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
NEXT STORY