ਲੁਧਿਆਣਾ (ਰਾਮ)- ਥਾਣਾ ਜਮਾਲਪੁਰ ਦੇ ਅਧੀਨ ਆਉਂਦੇ ਰਾਮ ਨਗਰ ਇਲਾਕੇ ’ਚ ਮੰਗਲਵਾਰ ਸਵੇਰ ਫਾਇਰਿੰਗ ਦੀ ਵਾਰਦਾਤ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾਅ ਦਿੱਤੀ। ਗੋਲੀ ਲੱਗਣ ਨਾਲ 22 ਸਾਲਾਂ ਨੌਜਵਾਨ ਅਸਗਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਫੋਰਟਿਸ ਹਸਪਤਾਲ, ਫਿਰ ਸਿਵਲ ਹਸਪਤਾਲ ਅਤੇ ਬਾਅਦ ’ਚ ਡੀ. ਐੱਮ. ਸੀ. ਰੈਫਰ ਕੀਤਾ ਗਿਆ, ਜਿਥੇ ਉਸ ਦੀ ਹਾਲਤ ਹਾਲ ਦੀ ਘੜੀ ਗੰਭੀਰ ਦੱਸੀ ਜਾ ਰਹੀ ਹੈ।
ਅਸਗਰ ਦੇ ਰਿਸ਼ਤੇਦਾਰਾਂ ਨੇ ਡੀ. ਐੱਮ. ਸੀ. ਹਸਪਤਾਲ ਵਿਚ ਦੱਸਿਆ ਕਿ ਉਹ ਮੁੰਡੀਆਂ ਕਲਾਂ ਸਥਿਤ ਰਾਮ ਨਗਰ ਗਲੀ ਨੰ. 0 ਦਾ ਰਹਿਣ ਵਾਲਾ ਹੈ ਅਤੇ ਪਾਰਟ ਟਾਈਮ ਫੈਕਟਰੀ ’ਚ ਕੰਮ ਕਰਦਾ ਹੈ। ਮੰਗਲਵਾਰ ਨੂੰ ਉਸ ਦਾ ਦੋਸਤ ਓਮ ਉਸ ਨੂੰ ਬੁਲਾ ਕੇ ਲੈ ਗਿਆ ਸੀ। ਓਮ ਨੇ ਕਿਹਾ ਸੀ ਕਿ ਉਸ ਦੀ ਕਿਸੇ ਨਾਲ ਬਹਿਸ ਅਤੇ ਝਗੜਾ ਹੋ ਗਿਆ ਹੈ। ਅਸਗਰ ਉਸ ਦਾ ਸਾਥ ਦੇਣ ਲਈ ਮੌਕੇ ’ਤੇ ਪੁੱਜਾ, ਜਿਥੇ ਅਚਾਨਕ ਝਗੜਾ ਵਧ ਗਿਆ।
ਅਸਗਰ ਲੜਾਈ ਛੁਡਵਾਉਣ ਦਾ ਯਤਨ ਕਰ ਰਿਹਾ ਸੀ ਕਿ ਉਸੇ ਦੌਰਾਨ ਕਿਸੇ ਨੌਜਵਾਨ ਨੇ ਗੋਲੀ ਚਲਾ ਦਿੱਤੀ। ਗੋਲੀ ਉਸ ਦੀ ਪਿੱਠ ’ਚ ਲੱਗੀ ਅਤੇ ਉਹ ਲਹੂ-ਲੁਹਾਨ ਹੋ ਕੇ ਡਿੱਗ ਪਿਆ। ਗੋਲੀ ਲੱਗਣ ਤੋਂ ਬਾਅਦ ਇਲਾਕੇ ’ਚ ਹਫੜਾ-ਦਫੜੀ ਮਚ ਗਈ ਅਤੇ ਆਸ-ਪਾਸ ਦੇ ਲੋਕ ਡਰ ਦੇ ਮਾਰੇ ਆਪਣੇ ਘਰਾਂ ’ਚ ਲੁਕ ਗਏ।
ਮੌਕੇ ’ਤੇ ਹਫੜਾ ਦਫੜੀ, ਹਮਲਾਵਰ ਫਰਾਰ
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਬਾਅਦ ਹਮਲਾਵਰ ਮੌਕੇ ’ਤੇ ਡੰਡੇ ਆਦਿ ਸੁੱਟ ਕੇ ਭੱਜ ਗਏ। ਸਥਾਨਕ ਲੋਕਾਂ ਨੇ ਤੁਰੰਤ ਅਸਗਰ ਦੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਮੌਕੇ ’ਤੇ ਪੁੱਜੇ ਅਤੇ ਉਸ ਨੂੰ ਹਸਪਤਾਲ ਪਹੰਚਾਇਆ। ਪਹਿਲਾਂ ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਹਾਲਾਤ ਵਿਗੜਨ ’ਤੇ ਸਿਵਲ ਹਸਪਤਾਲ ਭੇਜਿਆ ਗਿਆ। ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਹਸਪਤਾਲ ’ਚ ਰੈਫਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦੀ ਵੀ ਹੋਈ ਬਦਲੀ, ਵੇਖੋ LIST
ਪੁਲਸ ਜਾਂਚ ’ਚ ਜੁਟੀ, ਪੁਰਾਣੀ ਰੰਜ਼ਿਸ਼ ਦਾ ਵੀ ਸ਼ੱਕ
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਡੀ. ਐੱਮ. ਸੀ. ਹਸਪਤਾਲ ਤੋਂ ਜ਼ਖਮੀ ਨੌਜਵਾਨ ਸਬੰਧੀ ਸੂਚਨਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਜਾਂਚ ਅਧਿਕਾਰੀ ਨੂੰ ਮੌਕੇ ’ਤੇ ਭੇਜਿਆ ਹੈ। ਹਾਲ ਦੀ ਘੜੀ ਇਹ ਦੇਖਿਆ ਜਾ ਰਿਹਾ ਹੈ ਕਿ ਫਾਇਰਿੰਗ ਇਲਾਕੇ ਵਿਚ ਹੋਈ ਜਾਂ ਕਿਤੇ ਹੋਰ ਤੋਂ ਗੋਲੀ ਚੱਲੀ, ਸਾਰੇ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਕਿਸੇ ਪੁਰਾਣੀ ਰੰਜ਼ਿਸ਼ ਜਾਂ ਗੁਟਬਾਜ਼ੀ ਨਾਲ ਜੁੜਿਆ ਹੋ ਸਕਦਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਤਾਂ ਕਿ ਹਮਲਾਵਰਾਂ ਦੀ ਪਛਾਣ ਹੋ ਸਕੇ।
ਇਲਾਕੇ ਵਿਚ ਫੈਲੀ ਦਹਿਸ਼ਤ
ਫਾਇਰਿੰਗ ਦੀ ਇਸ ਵਾਰਦਾਤ ਕਾਰਨ ਰਾਮ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਮਾਲਪੁਰ ਇਲਾਕੇ ’ਚ ਆਪਸੀ ਰੰਜ਼ਿਸ਼ਾਂ ਅਤੇ ਝਗੜਿਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਸ਼ੱਕੀਆਂ ਦੀਆਂ ਗਤੀਵਿਧੀਆਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਜਿਉਂ ਹੀ ਪੀੜਤ ਬਿਆਨ ਦੇਣ ਦੀ ਸਥਿਤੀ ’ਚ ਆਵੇਗਾ, ਉਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਅਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਵਿਅਕਤੀ ਦੇ ਕਤਲ ਮਾਮਲੇ ’ਚ 5 ਲੋਕਾਂ ਖ਼ਿਲਾਫ਼ ਕੇਸ ਦਰਜ
NEXT STORY