ਮੋਹਾਲੀ (ਕੁਲਦੀਪ) - ਗ੍ਰੇਟਰ ਏਰੀਆ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਵਲੋਂ ਗਮਾਡਾ ਦਫ਼ਤਰ 'ਚ ਭ੍ਰਿਸ਼ਟਾਚਾਰ ਰੋਕਣ ਵੱਲ ਕਦਮ ਵਧਾਇਆ ਗਿਆ ਹੈ। ਇਸ 'ਚ ਰੋਜ਼ਾਨਾ ਕੰਮ ਕਾਜ ਲਈ ਆਉਣ ਵਾਲੇ ਲੋਕਾਂ ਦੇ ਕੰਮ ਫਸਟ-ਇਨ-ਫਸਟ ਆਊਟ ਆਧਾਰ 'ਤੇ ਕੀਤੇ ਜਾਇਆ ਕਰਨਗੇ। ਮਤਲਬ ਕਿ ਜਿਹੜਾ ਵਿਅਕਤੀ ਕਿਸੇ ਵੀ ਕੰਮ ਲਈ ਪਹਿਲਾਂ ਗਮਾਡਾ ਦਫ਼ਤਰ 'ਚ ਅਰਜ਼ੀ ਦੇਵੇਗਾ, ਉਸ ਦਾ ਕੰਮ ਹੀ ਪਹਿਲਾਂ ਕੀਤਾ ਜਾਵੇਗਾ ਬਸ਼ਰਤੇ ਕਿ ਉਸ 'ਚ ਕਿਸੇ ਕਿਸਮ ਦਾ ਇਤਰਾਜ਼ ਨਾ ਹੋਵੇ। ਦੱਸਣਯੋਗ ਹੈ ਕਿ ਗਮਾਡਾ ਦਫ਼ਤਰ 'ਚ 'ਨੋ ਡਿਊ ਸਰਟੀਫਿਕੇਟ', ਨੋ-ਆਬਜੈਕਸ਼ਨ ਸਰਟੀਫਿਕੇਟ, ਚੇਂਜ ਆਫ ਓਨਰਸ਼ਿਪ, ਟਰਾਂਸਫ਼ਰ, ਆਕੂਪੈਸ਼ਨ, ਸੀ. ਡੀ. ਆਦਿ ਕੰਮਾਂ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕੰਮਾਂ ਲਈ ਲੋਕ ਅਕਸਰ ਗਮਾਡਾ ਦਫ਼ਤਰ ਦੇ ਚੱਕਰ ਕੱਟਦੇ ਰਹਿੰਦੇ ਸਨ। ਹੁਣ ਗਮਾਡਾ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਗਮਾਡਾ 'ਚ ਆਉਣ ਵਾਲੀਆਂ ਵੱਖ-ਵੱਖ ਕੰਮਾਂ ਦੀਆਂ ਅਰਜ਼ੀਆਂ ਦੇ ਵਰਗ ਅਨੁਸਾਰ ਪਹਿਲ ਦੇ ਆਧਾਰ 'ਤੇ ਕੰਮ ਮੁਕੰਮਲ ਕੀਤੇ ਜਾਣ।
ਜਾਣਕਾਰੀ ਮੁਤਾਬਕ ਇਸ ਸਿਸਟਮ ਤਹਿਤ ਗਮਾਡਾ 'ਚ ਕਿਸੇ ਵੀ ਕੰਮ ਲਈ ਦਿੱਤੀ ਜਾਣ ਵਾਲੀ ਅਰਜ਼ੀ ਨੂੰ ਇਕ ਨੰਬਰ ਦਿੱਤਾ ਜਾਵੇਗਾ ਤੇ ਦਫ਼ਤਰ 'ਚ ਪਹੁੰਚਣ ਵਾਲੀਆਂ ਸਾਰੀਆਂ ਅਰਜ਼ੀਆਂ 'ਤੇ ਉਨ੍ਹਾਂ ਦੇ ਨੰਬਰ ਅਨੁਸਾਰ ਪਹਿਲਾਂ ਕਾਰਵਾਈ ਕਰਨੀ ਜ਼ਰੂਰੀ ਹੋਵੇਗੀ। ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੇ ਸੰਪਰਕ ਕਰਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਫਤਰੀ ਕੰਮਕਾਜ ਵਿਚ ਸੁਧਾਰ ਕਰਨ ਤੇ ਭ੍ਰਿਸ਼ਟਾਚਾਰ ਦੀਆਂ ਵਧ ਰਹੀਆਂ ਸ਼ਿਕਾਇਤਾਂ 'ਤੇ ਕੰਟਰੋਲ ਕਰਨ ਲਈ ਇਹ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ, ਜਿਸ ਦੇ ਤਹਿਤ ਦਫਤਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਇਸ ਸਬੰਧੀ ਜਵਾਬਦੇਹ ਬਣਾਇਆ ਗਿਆ ਹੈ ਕਿ ਉਹ ਪਹਿਲਾਂ ਤੋਂ ਅਰਜ਼ੀ ਦੇਣ ਵਾਲਿਆਂ ਦਾ ਕੰਮ ਪਹਿਲਾਂ ਕਰਨ।
ਉਨ੍ਹਾਂ ਕਿਹਾ ਕਿ ਇਹ ਆਮ ਸ਼ਿਕਾਇਤ ਹੈ ਕਿ ਗਮਾਡਾ 'ਚ ਰੁਟੀਨ ਕੰਮ ਲਈ ਜਿੱਥੇ ਵੱਧ ਸਮਾਂ ਲੱਗਦਾ ਹੈ, ਉਥੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਹੀ ਕੰਮ ਤੁਰੰਤ ਕਰਵਾ ਲਿਆ ਜਾਂਦਾ ਸੀ ਤੇ ਅਜਿਹਾ ਹੋਣ ਕਾਰਨ ਕਿਸੇ ਸਕੀਮ ਲਈ ਪਹਿਲਾਂ ਅਰਜ਼ੀ ਦੇਣ ਵਾਲੇ ਵਿਅਕਤੀ ਬਿਨਾਂ ਵਜ੍ਹਾ ਲੇਟ ਹੁੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਵੱਖ-ਵੱਖ ਕੰਮਾਂ ਵਾਸਤੇ ਵੱਧ ਤੋਂ ਵੱਧ ਸਮਾਂ ਨਿਰਧਾਰਿਤ ਹੈ ਪਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਸਮੇਂ ਤਕ ਫਾਈਲਾਂ ਨੂੰ ਰੋਕਣ ਦੀ ਥਾਂ ਹਰੇਕ ਕੰਮ ਨੂੰ ਛੇਤੀ ਮੁਕੰਮਲ ਕਰਨ।
ਤਤਕਾਲ ਸਕੀਮ ਬਾਰੇ ਵੀ ਵਿਚਾਰ ਕਰ ਰਿਹੈ ਗਮਾਡਾ
ਸੂਤਰਾਂ ਦੀ ਜਾਣਕਾਰੀ ਮੁਤਾਬਕ ਗਮਾਡਾ ਵਲੋਂ ਵੱਖ-ਵੱਖ ਕੰਮਾਂ ਲਈ 'ਤਤਕਾਲ ਸਕੀਮ' ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ-ਵੱਖ ਕੰਮਾਂ ਅਨੁਸਾਰ ਉਨ੍ਹਾਂ ਦੀ ਵੱਖ-ਵੱਖ ਫੀਸ ਤੈਅ ਕੀਤੀ ਜਾਵੇਗੀ ਤਾਂ ਜੋ ਛੇਤੀ ਕੰਮ ਕਰਵਾਉਣ ਦੇ ਚਾਹਵਾਨ ਵਿਅਕਤੀ ਬਣਦੀ ਫੀਸ ਦੇ ਕੇ ਆਪਣਾ ਕੰਮ ਕਰਵਾਉਣ। ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਸੰਦੀਪ ਹੰਸ ਨੇ ਇਸ ਸਬੰਧੀ ਗੱਲ ਕਰਨ 'ਤੇ ਕਿਹਾ ਕਿ ਗਮਾਡਾ ਵਲੋਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਕਰਮਚਾਰੀ ਇਸ ਬਹਾਨੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰ ਸਕਣ।
ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ
NEXT STORY