ਅੰਮ੍ਰਿਤਸਰ (ਨੀਰਜ) : ਇੱਕ ਪਾਸੇ ਜਿੱਥੇ ਬੀ. ਐੱਸ. ਐੱਫ. ਸਮੇਤ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ, ਸੀ. ਆਈ., ਐੱਸ. ਐੱਸ. ਓ. ਸੀ., ਸਿਟੀ ਤੇ ਦਿਹਾਤੀ ਪੁਲਸ ਵੱਲੋਂ ਨਸ਼ਾ ਸਮੱਗਲਿੰਗ ਰੋਕਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹੁਣ ਤੱਕ ਅੰਮ੍ਰਿਤਸਰ ਜ਼ਿਲੇ ’ਚ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਸਮੱਗਲਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਚੁੱਕਾ ਹੈ, ਉਥੇ ਹੀ ਭਾਰਤ-ਪਾਕਿਸਤਾਨ ਬਾਰਡਰ ’ਤੇ ਹੈਰੋਇਨ ਸਮੱਗਲਿੰਗ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ 3 ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵੱਲੋਂ 334 ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ, ਜਦਕਿ ਪਿਛਲੇ ਸਾਲ 2025 ’ਚ 12 ਮਹੀਨਿਆਂ ਦੌਰਾਨ 428 ਕਿੱਲੋ ਹੈਰੋਇਨ ਫੜੀ ਗਈ ਸੀ। ਅਜੇ ਸਾਲ 2026 ਦੇ ਪੂਰਾ ਹੋਣ ’ਚ 9 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਜਿਸ ਤਰ੍ਹਾਂ ਬਾਰਡਰ ’ਤੇ ਹੈਰੋਇਨ ਦੀ ਬਰਾਮਦਗੀ ਹੋ ਰਹੀ ਹੈ, ਉਸ ਤੋਂ ਮੰਨਿਆ ਜਾ ਸਕਦਾ ਹੈ ਕਿ ਇਸ ਸਾਲ 2025 ਦਾ ਰਿਕਾਰਡ ਵੀ ਟੁੱਟ ਜਾਵੇਗਾ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਲ 2024 ’ਚ 12 ਮਹੀਨਿਆਂ ਦੇ ਦੌਰਾਨ 283 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਗਿਆ ਸੀ ਅਤੇ ਸਾਲ 2025 ’ਚ ਅਗਲੇ-ਪਿਛਲੇ ਸਾਰੇ ਰਿਕਾਰਡ ਟੁੱਟ ਗਏ ਸਨ ਪਰ ਮੌਜੂਦਾ ਸਾਲ ’ਚ ਪਿਛਲਾ ਰਿਕਾਰਡ ਟੁੱਟਣ ਦੀ ਵੀ ਪੂਰੀ ਸੰਭਾਵਨਾ ਬਣ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ਧਾਰ ਹਥਿਆਰਾਂ ਨਾਲ ਲੈਸ ਨਕਾਬਪੋਸ਼ਾਂ ਨੇ ਅੱਧੀ ਰਾਤ ਨੂੰ ਮਚਾਇਆ ਤਾਂਡਵ
ਮਿੰਨੀ ਡਰੋਨਾਂ ਦੇ ਨਾਲ ਵੱਡੇ ਡਰੋਨ ਉਡਾ ਰਹੇ ਸਮੱਗਲਰ
ਆਮ ਤੌਰ ’ਤੇ ਸਮੱਗਲਰਾਂ ਵੱਲੋਂ ਮਿੰਨੀ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਕਿਉਂਕਿ ਜਦੋਂ ਏ. ਡੀ. ਐੱਸ. ਸਿਸਟਮ ਦੇ ਰਾਡਾਰ ’ਚ ਆਉਣ ਨਾਲ ਡਰੋਨ ਡਿੱਗ ਜਾਂਦਾ ਹੈ ਤਾਂ ਇਸ ਨਾਲ ਘੱਟ ਨੁਕਸਾਨ ਹੁੰਦਾ ਹੈ। ਮਿੰਨੀ ਡਰੋਨ ਸਿਰਫ਼ ਅੱਧਾ ਕਿਲੋ ਖੇਪ ਲੈ ਜਾਣ ’ਚ ਸਮਰੱਥ ਹਨ ਪਰ ਜਿਸ ਤਰ੍ਹਾਂ ਬੀ. ਐੱਸ. ਐੱਫ. ਵੱਲੋਂ ਪਿਛਲੇ ਮਹੀਨਿਆਂ ਦੌਰਾਨ 16 ਕਿਲੋ ਤੇ 12 ਕਿਲੋ ਹੈਰੋਇਨ ਦੀ ਵੱਡੀ ਖੇਪ ਫੜੀ ਗਈ, ਉਸ ਤੋਂ ਇਹ ਸਾਬਿਤ ਹੋ ਗਿਆ ਕਿ ਸਮੱਗਲਰ ਵੱਡੇ ਹੈਕਸਾਕਾਪਟਰ ਡਰੋਨ ਵੀ ਉਡਾ ਰਹੇ ਹਨ ਜੋ 15 ਕਿਲੋ ਜਾਂ ਇਸ ਤੋਂ ਵੀ ਜ਼ਿਆਦਾ ਵਜ਼ਨ ਚੁੱਕਣ ਦੇ ਯੋਗ ਹਨ। ਫਿਲਹਾਲ ਮੌਜੂਦਾ ਹਾਲਾਤ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਚਿੰਤਾ ’ਚ ਪਾ ਦਿੱਤਾ ਹੈ।
ਬੀ. ਐੱਸ. ਐੱਫ., ਫ਼ੌਜ, ਪੁਲਸ ਤੇ ਹੋਰ ਏਜੰਸੀਆਂ ਨੇ ਡਰੋਨ ’ਤੇ ਕੀਤੀ ਵਰਕਸ਼ਾਪ
ਮਿਡਲ ਈਸਟ ਜੰਗ ’ਚ ਜਿਸ ਤਰ੍ਹਾਂ ਈਰਾਨ ਦੇ ਸ਼ਾਹਿਦ ਡਰੋਨ ਅਮਰੀਕਾ, ਇਜ਼ਰਾਈਲ ਤੇ ਖਾੜੀ ਦੇਸ਼ਾਂ ਲਈ ਸਿਰਦਰਦ ਨਜ਼ਰ ਆਏ, ਉਸ ਨੂੰ ਦੇਖ ਕੇ ਕੇਂਦਰ ਸਰਕਾਰ ਵੀ ਡਰੋਨ ਦੇ ਮਾਮਲੇ ’ਚ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਹਾਲ ਹੀ ’ਚ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਵੱਲੋਂ ਡਰੋਨ ਦੇ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ’ਚ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਸਮੇਤ ਫ਼ੌਜ, ਐੱਨ. ਸੀ. ਬੀ., ਡੀ. ਆਰ. ਆਈ. ਤੇ ਪੁਲਸ ਦੀਆਂ ਹੋਰ ਏਜੰਸੀਆਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਡਰੋਨ ਨਾਲ ਸਬੰਧਤ ਆਉਣ ਵਾਲੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ’ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ ਦੀ ਦਰਦਨਾਕ ਮੌਤ
16 ਤੋਂ 25 ਸਾਲ ਦੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੇ ਸਮੱਗਲਰ
ਪਿਛਲੇ ਤਿੰਨ ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵੱਲੋਂ ਏ. ਐੱਨ. ਟੀ. ਐੱਫ., ਐੱਨ. ਸੀ. ਬੀ. ਤੇ ਹੋਰ ਏਜੰਸੀਆਂ ਨਾਲ ਮਿਲ ਕੇ ਜਿੰਨੇ ਵੀ ਸਾਂਝੇ ਆਪ੍ਰੇਸ਼ਨ ਕੀਤੇ ਗਏ, ਉਸ ’ਚ ਸਾਹਮਣੇ ਆਇਆ ਕਿ ਵਿਦੇਸ਼ਾਂ ਤੇ ਭਾਰਤ ’ਚ ਸਰਗਰਮ ਸਮੱਗਲਰ 16 ਤੋਂ 25 ਸਾਲ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਖ਼ਾਸ ਤੌਰ ’ਤੇ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਨੌਜਵਾਨ ਸਮੱਗਲਰਾਂ ਦੇ ਜਾਲ ’ਚ ਫਸ ਰਹੇ ਹਨ ਕਿਉਂਕਿ ਰੋਜ਼ਗਾਰ ਦੇ ਲੋੜੀਂਦੇ ਮੌਕੇ ਉਪਲੱਬਧ ਨਾ ਹੋਣ ਕਾਰਨ ਕਈ ਨੌਜਵਾਨ ਨਾ ਚਾਹੁੰਦੇ ਹੋਏ ਵੀ ਇਸ ਦਲਦਲ ’ਚ ਫਸ ਜਾਂਦੇ ਹਨ।
ਕਈ ਗੁਣਾ ਵਧੀ ਹਥਿਆਰਾਂ ਦੀ ਆਮਦ
ਹੈਰੋਇਨ ਦੇ ਨਾਲ-ਨਾਲ ਡਰੋਨਾਂ ਦੇ ਜ਼ਰੀਏ ਭਾਰੀ ਮਾਤਰਾ ’ਚ ਹਥਿਆਰਾਂ ਦੀ ਆਮਦ ਵੀ ਹੋ ਰਹੀ ਹੈ। ਸਾਲ 2025 ਦੌਰਾਨ 203 ਹਥਿਆਰ, ਜਿਨ੍ਹਾਂ ’ਚ ਏ.ਕੇ.-47 ਤੋਂ ਲੈ ਕੇ ਆਧੁਨਿਕ ਪਿਸਤੌਲ (ਜਿਸ ’ਚ ਜਿਗਾਨਾ, 9 ਐਮ.ਐਮ., ਗਲੌਕ ਆਦਿ ਸ਼ਾਮਲ ਹਨ) ਬਰਾਮਦ ਕੀਤੇ ਗਏ, ਜਦਕਿ ਇਸ ਤੋਂ ਕਈ ਗੁਣਾ ਜ਼ਿਆਦਾ ਕਾਰਤੂਸ ਜ਼ਬਤ ਕੀਤੇ ਗਏ। ਅੰਕੜਿਆਂ ਅਨੁਸਾਰ 3643 ਕਾਰਤੂਸ ਜ਼ਬਤ ਕੀਤੇ ਗਏ ਅਤੇ 12 ਹੈਂਡ ਗ੍ਰਨੇਡ ਤੇ 12 ਡੈਟੋਨੇਟਰ ਦੇ ਨਾਲ 11 ਕਿਲੋ ਦੇ ਲੱਗਭਗ ਹਾਈ ਐਕਸਪਲੋਸਿਵ ਸਾਮਾਨ ਜ਼ਬਤ ਕੀਤਾ ਗਿਆ, ਜਿਸ ਨੂੰ ਪੰਜਾਬ ’ਚ ਅਸ਼ਾਂਤੀ ਫੈਲਾਉਣ ਤੇ ਗੈਂਗਵਾਰ ’ਚ ਵਰਤਿਆ ਜਾਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਅੱਡੇ ਤੋਂ ਸਵਾਰੀਆਂ ਦੇ ਪਰਸ ਕੱਢਣ ਵਾਲਾ ਕਾਬੂ, ਜੁਡੀਸ਼ੀਅਲ ਹਿਰਾਸਤ 'ਚ ਭੇਜਿਆ
NEXT STORY