ਕਰਤਾਰਪੁਰ, (ਸਾਹਨੀ)- ਅੱਜ ਦੁਪਹਿਰ ਕਰੀਬ 1 ਵਜੇ ਸਥਾਨਕ ਸਿਵਲ ਹਸਪਤਾਲ ਵਿਚ ਕਥਿਤ ਤੌਰ 'ਤੇ ਡਾਕਟਰ ਦੀ ਬੇਰੁਖ਼ੀ ਕਾਰਨ ਚੰਦਨ ਨਗਰ ਵਾਸੀ ਨਰਿੰਦਰ ਸਿੰਘ, ਜੋ ਕਿ ਨਾਨ ਕੁਲਚਿਆਂ ਦੀ ਰੇਹੜੀ ਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਦੀ ਪਤਨੀ ਮਮਤਾ ਦੇਵੀ ਦੇ ਜ਼ਿਆਦਾ ਪ੍ਰਸੂਤਾ ਦਰਦ ਬਰਦਾਸ਼ਤ ਨਾ ਕਰ ਸਕਣ ਕਾਰਨ ਕਰੀਬ ਢਾਈ ਵਜੇ ਹਸਪਤਾਲ ਦੇ ਗੇਟ ਅੱਗੇ 5 ਮਹੀਨੇ ਦੇ ਬੱਚੇ ਦਾ ਗਰਭਪਾਤ ਹੋ ਗਿਆ,
ਇਸ ਤੋਂ ਬਾਦ ਆਸ-ਪਾਸ ਦੇ ਲੋਕਾਂ, ਰਾਹਗੀਰਾਂ ਦੀ ਮਦਦ ਨਾਲ ਨਰਿੰਦਰ ਸਿੰਘ ਆਪਣੀ ਪਤਨੀ ਨੂੰ 108 ਐਂਬੂਲੈਂਸ ਦੀ ਮਦਦ ਨਾਲ ਜਲੰਧਰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਇਸ ਤੋਂ ਪਹਿਲਾਂ ਨਰਿੰਦਰ ਸਿੰਘ ਨੇ ਦੱਸਿÎਆ ਕਿ ਉਸ ਦੀ ਪਤਨੀ ਦਾ ਕਰੀਬ 5 ਮਹੀਨੇ ਤੋਂ ਇਸੇ ਹਸਪਤਾਲ ਵਿਚ ਗਾਇਨੀ ਵਾਰਡ ਦੀ ਲੇਡੀ ਡਾ. ਕਿਰਨ ਕੋਲ ਇਲਾਜ ਚਲ ਰਿਹਾ ਸੀ ਅਤੇ ਅੱਜ ਸਵੇਰੇ ਅਚਾਨਕ ਜ਼ਿਆਦਾ ਦਰਦ ਹੋਣ 'ਤੇ ਉਹ ਕਰੀਬ 1 ਵਜੇ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਆਇਆ, ਜਿਥੇ ਮੌਕੇ 'ਤੇ ਪਰਚੀ ਬਣਾਉਣ ਦੇ ਬਾਵਜੂਦ ਡਾਕਟਰ ਵਲੋਂ ਹਸਪਤਾਲ ਦੇ ਬਾਹਰ ਦੀਆਂ ਮੰਹਿਗੀਆਂ ਦਵਾਈਆਂ ਲਿਖ ਕੇ ਦਿੱਤੀਆਂ ਗਈਆਂ ਅਤੇ ਬਾਹਰੋਂ ਸਕੈਨਿੰਗ ਅਤੇ ਟੈਸਟ ਕਰਵਾਉਣ ਲਈ ਕਿਹਾ। ਉਸ ਕੋਲ ਪੈਸੇ ਦੀ ਕਮੀ ਸੀ ਤੇ ਪੈਸੇ ਇਕੱਠੇ ਕਰਕੇ ਉਹ ਦਵਾਈ ਲੈ ਆਇਆ ਪਰ ਉਸਦੀ ਪਤਨੀ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਸੀ।
ਮੌਕੇ 'ਤੇ ਕੌਂਸਲਰ ਪ੍ਰਦੀਪ ਅਗਰਵਾਲ ਦੀ ਹਾਜ਼ਰੀ 'ਚ ਉਨ੍ਹਾਂ ਦੱਸਿਆ ਕਿ ਕਥਿਤ ਤੌਰ 'ਤੇ ਕਾਫੀ ਸਮੇਂ ਬਾਅਦ ਉਕਤ ਡਾਕਟਰ ਨੇ ਇਸ ਇਲਾਜ ਲਈ ਜਲੰਧਰ ਜਾਣ ਲਈ ਕਹਿ ਦਿੱਤਾ ਅਤੇ ਕਰੀਬ ਡੇਢ ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਹਸਪਤਾਲ ਦੇ ਬਾਹਰ ਗੇਟ 'ਤੇ ਉਸਦੀ ਪਤਨੀ ਦੇ ਪੇਟ ਵਿਚ ਪਲ਼ ਰਹੇ ਪੰਜ ਮਹੀਨਿਆਂ ਦੇ ਭਰੂਣ ਦਾ ਗਰਭਪਾਤ ਹੋ ਗਿਆ। ਸੜਕ ਵਿਚਕਾਰ ਵਾਪਰੀ ਇਸ ਘਟਨਾ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ ਅਤੇ ਰਾਹਗੀਰਾਂ ਦੀ ਮਦਦ ਨਾਲ ਉਹ ਆਪਣੀ ਪਤਨੀ ਨੂੰ 108 ਐਂਬੂਲੈਂਸ ਰਾਹੀਂ ਜਲੰਧਰ ਲੈ ਗਿਆ।
ਇਕ ਪਾਸੇ ਤਾਂ ਸਰਕਾਰ ਦਾ ਸਿਹਤ ਵਿਭਾਗ ਵੱਡੇ-ਵੱਡੇ ਸੈਮੀਨਾਰ ਕਰਕੇ ਅਤੇ ਅਖਬਾਰੀ ਸੁਰਖੀਆਂ ਬਣਦਾ ਹੈ ਪਰ ਅਸਲ ਵਿਚ ਆਮ ਆਦਮੀ ਨਾਲ ਕੀ ਵਾਪਰਦਾ ਹੈ ਇਹ ਅਜਿਹੇ ਸਮੇਂ ਪਤਾ ਲਗਦਾ ਹੈ। ਸਥਾਨਕ ਹਸਪਤਾਲ ਵਿਚ ਜਿਥੇ ਦਵਾਈਆਂ ਦੀ ਘਾਟ ਤਾਂ ਰਹਿੰਦੀ ਹੀ ਹੈ ਇਲਾਜ ਲਈ ਵੀ ਮਸ਼ੀਨਾਂ ਦੀ ਘਾਟ ਹੈ।
ਇਸ ਸੰਬੰਧੀ ਸਥਾਨਕ ਕੌਂਸਲਰ ਪ੍ਰਦੀਪ ਕੁਮਾਰ ਅਗਰਵਾਲ, ਪ੍ਰਿੰਸ ਅਰੋੜਾ, ਕਾਂਗਰਸੀ ਆਗੂ ਰਾਜ ਕੁਮਾਰ ਅਰੋੜਾ, ਬੀਬੀ ਸਾਹਨੀ ਨੇ ਕਿਹਾ ਕਿ ਇਸ ਹਸਪਤਾਲ ਵਿਚ ਹੋਈ ਇਸ ਮੰਦਭਾਗੀ ਘਟਨਾ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ।
ਇਥੇ ਵਰਣਨਯੋਗ ਹੈ ਕਿ ਹਸਪਤਾਲ ਦੇ ਬਾਹਰ ਹੋਈ ਇਸ ਮੰਦਭਾਗੀ ਘਟਨਾ ਬਾਰੇ ਹਸਪਤਾਲ ਅੰਦਰ ਹਾਜ਼ਰ ਡਾਕਟਰ ਅਤੇ ਸਟਾਫ ਨੇ ਵੀ ਜਾਣਕਾਰੀ ਨਾ ਹੋਣ ਦੀ ਗੱਲ ਕੀਤੀ। ਇਸ ਸੰਬੰਧੀ ਸਥਾਨਕ ਐੱਸ. ਐੱਮ. ਓ. ਡਾ. ਊਸ਼ਾ ਕੁਮਾਰੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਅੱਜ ਛੁੱਟੀ 'ਤੇ ਸਨ ਅਤੇ ਇਹ ਜੋ ਘਟਨਾ ਵਾਪਰੀ ਹੈ ਉਹ ਮੰਦਭਾਗੀ ਹੈ, ਇਸ ਦੀ ਵਿਭਾਗੀ ਜਾਂਚ ਕਰਵਾਈ ਜਾਵੇਗੀ।
ਸੈਨਾ 'ਚ ਭਰਤੀ ਲਈ 4 ਜ਼ਿਲਿਆਂ ਦੇ 15134 ਨੌਜਵਾਨਾਂ ਨੇ ਦਿਖਾਇਆ ਦਮ
NEXT STORY