ਜਲਾਲਾਬਾਦ (ਸੇਤੀਆ,ਸੁਮਿਤ)—ਜਲਾਲਾਬਾਦ ਦੇ ਸੀਮਾਪੱਟੀ ਇਲਾਕੇ ਦੀ ਢਾਣੀ ਫੂਲਾ ਸਿੰਘ 'ਚ ਲੰਘ ਰਹੇ ਹੜ੍ਹਾਂ ਦੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆਉਣ ਨਾਲ ਹੋਈ 17 ਸਾਲਾ ਜਗਜੀਤ ਸਿੰਘ ਦੀ ਲਾਸ਼ ਬਾਰਡਰ ਪੱਟੀ ਤੇ ਹੀ ਬੀ.ਓ.ਪੀ. ਸੰਤੋਖ ਸਿੰਘ ਵਾਲਾ ਨਜ਼ਦੀਕ ਕੰਡਿਆਲੀ ਤਾਰਾਂ ਕੋਲੋਂ ਬਰਾਮਦ ਹੋਈ ਹੈ। ਇਸ ਸਬੰਧੀ ਐਸ.ਡੀ.ਐਮ. ਕੇਸ਼ਵ ਗੋਇਲ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖਤ ਕਰਕੇ ਥਾਣਾ ਸਦਰ ਪੁਲਸ ਨੂੰ ਕਾਰਵਾਈ ਲਈ ਸਪੁਰਦ ਕਰਵਾ ਦਿੱਤੀ ਹੈ। ਉਧਰ ਥਾਣਾ ਸਦਰ ਜਲਾਲਾਬਾਦ ਮੁਖੀ ਜੰਗਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਦੇ ਬਿਆਨਾਂ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਥੇ ਦੱਸਣਯੋਗ ਹੈ ਕਿ ਮ੍ਰਿਤਕ ਜਗਜੀਤ ਸਿੰਘ ਪਿੰਡ ਢੰਡੀ ਕਦੀਮ ਦੇ ਸਕੂਲ 'ਚ 11 ਵੀਂ ਜਮਾਤ 'ਚ ਪੜ੍ਹਦਾ ਸੀ, ਜੋ ਆਪਣੇ ਖੇਤ ਕੰਮ ਕਰਨ ਲਈ ਗਿਆ ਸੀ। ਕੰਮ ਕਰਨ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਸਤਲੁਜ ਦਰਿਆ ਦੇ ਆਏ ਪਾਣੀ 'ਚ ਨਹਾਉਣ ਲੱਗ ਪਿਆ ਅਤੇ ਪੈਰ ਫਿਸਲ ਜਾਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਕਾਰਣ ਰੁੜ ਗਿਆ ਅਤੇ ਉਸਦੀ ਮੌਤ ਹੋ ਗਈ।
ਹੜ੍ਹ 'ਚ ਫਸੇ ਲੋਕਾਂ ਨੂੰ ਮੁੱਖ ਮੰਤਰੀ ਦੀ ਅਪੀਲ ਤੇ ਚਿਤਾਵਨੀ
NEXT STORY